ਅਫ਼ਗਾਨਿਸਤਾਨ ’ਚ ਫਸੇ ਸੈਂਕੜੇ ਅਫਗ਼ਾਨ ਤੇ ਪਾਕਿ ਨਾਗਰਿਕਾਂ ਨੇ ਚਮਨ ਸਰਹੱਦ ਤੋਂ ਪਾਕਿਸਤਾਨ ’ਚ ਕੀਤਾ ਪ੍ਰਵੇਸ਼
Wednesday, Aug 18, 2021 - 02:03 PM (IST)
ਚਮਨ—ਦੱਖਣੀ-ਪੱਛਮੀ ਪਾਕਿਸਤਾਨ ’ਚ ਚਮਨ ਦੀ ਪ੍ਰਮੁੱਖ ਸਰਹੱਦ ਪਾਰ ਕਰਕੇ ਸੈਂਕੜੇ ਪਾਕਿਸਤਾਨੀ ਤੇ ਅਫਗਾਨ ਨਾਗਰਿਕਾਂ ਨੇ ਮੰਗਲਵਾਰ ਨੂੰ ਪਾਕਿਸਤਾਨ ’ਚ ਪ੍ਰਵੇਸ਼ ਕੀਤਾ। ਚਸ਼ਮਦੀਦਾਂ ਤੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਹਾਲਾਂਕਿ ਉਨ੍ਹਾਂ ਕਿਹਾ ਕਿ ਇਨ੍ਹਾਂ ਲੋਕਾਂ ’ਚ ਦੋ ਸ਼ੱਕੀ ਅੱਤਵਾਦੀ ਵੀ ਸ਼ਾਮਲ ਸਨ ਜਿਨ੍ਹਾਂ ਨੂੰ ਹਾਲ ’ਚ ਅਫਗਾਨ ਤਾਲਿਬਾਨ ਨੇ ਪੁਲ-ਏ-ਚਰਖ਼ੀ ਤੇ ਬਗਰਾਮ ਜੇਲਾਂ ਤੋਂ ਆਜ਼ਾਦ ਕੀਤਾ ਸੀ।
ਇਹ ਸਪੱਸ਼ਟ ਨਹੀਂ ਹੈ ਕਿ ਅਫਗਾਨਿਸਤਾਨ ਸਰਕਾਰ ਵੱਲੋਂ ਇਨ੍ਹਾਂ ਦੋਵਾਂ ’ਤੇ ਕਿਹੜੇ ਦੋਸ਼ ਲਾਏ ਗਏ ਸਨ। ਕੋਈ ਵੀ ਸਰਕਾਰੀ ਅਧਿਕਾਰੀ ਟਿੱਪਣੀ ਲਈ ਤੁਰੰਤ ਉਪਲਬਧ ਨਹੀਂ ਸੀ ਪਰ ਅਧਿਕਾਰੀਆਂ ਨੇ ਕਿਹਾ ਕਿ ਉਹ ਅਫ਼ਗਾਨਿਸਤਾਨ ’ਚ ਫਸੇ ਸਾਰੇ ਪਾਕਿਸਤਾਨੀ ਤੇ ਅਫ਼ਗਾਨਾਂ ਨੂੰ ਆਉਣ ਦੀ ਇਜਾਜ਼ਤ ਦੇ ਰਹੇ ਹਨ। ਅਜਿਹੇ ਹੀ ਇਕ ਸ਼ੱਕੀ ਅੱਤਵਾਦੀ ਅਬਦੁਲ ਕਦੂਸ ਨੇ ‘ਦਿ ਐਸੋਸੀਏਟਿਡ ਪ੍ਰੈੱਸ’ ਨੂੰ ਦੱਸਿਆ ਕਿ ਉਸ ਨੇ ਪੂਲ-ਏ-ਚਰਖ਼ੀ ਜੇਲ ’ਚ 6 ਸਾਲ ਗੁਜ਼ਾਰੇ ਜਦੋਂ ਤਕ ਕਿ ਤਾਲਿਬਾਨ ਨੇ ਜੇਲ ’ਤੇ ਕਬਜ਼ਾ ਕਰਨ ਦੇ ਬਾਅਦ ਉਨ੍ਹਾਂ ਨੂੰ ਜਾਣ ਨਹੀਂ ਦਿੱਤਾ।
ਉਨ੍ਹਾਂ ਕਿਸੇ ਵੀ ਹੋਰ ਵੇਰਵੇ ਨੂੰ ਸਾਂਝਾ ਕਰਨ ਤੋਂ ਇਨਕਾਰ ਕਰ ਦਿੱਤਾ ਤੇ ਸਿਰਫ਼ ਇੰਨਾ ਹੀ ਕਿਹਾ ਕਿ ਉਨ੍ਹਾਂ ਨੂੰ ਤਾਲਿਬਾਨ ਵੱਲੋਂ ਮੁਕਤ ਕੀਤਾ ਗਿਆ ਹੈ। ਇਕ ਦੂਜੇ ਵਿਅਕਤੀ ਹਾਫਿਜ਼ ਅਬਦੁਲ ਹਾਦੀ ਨੇ ਤਾਲਿਬਾਨ ਵੱਲੋਂ ਰਿਹਾ ਹੋਣ ਤੋਂ ਪਹਿਲਾਂ ਬਗਰਾਮ ਜੇਲ ’ਚ 10 ਸਾਲ ਬਿਤਾਏ। ਉਸ ਦੇ ਕਰੀਬੀ ਰਿਸ਼ਤੇਦਾਰ ਅਮੀਨ ਉੱਲਾਹ ਨੇ ਇਹ ਜਾਣਕਾਰੀ ਦਿੱਤੀ।