ਪਾਕਿ : ਸਿੰਧ ਸੂਬੇ ''ਚ ਤਲਾਕਸ਼ੁਦਾ ਜਾਂ ਵਿਧਵਾ ਹਿੰਦੂ ਔਰਤਾਂ ਨੂੰ ਮੁੜ ਵਿਆਹ ਦੀ ਮਿਲੀ ਇਜਾਜ਼ਤ

08/10/2018 5:54:12 PM

ਕਰਾਚੀ (ਭਾਸ਼ਾ)— ਪਹਿਲੀ ਵਾਰ ਪਾਕਿਸਤਾਨ ਦੇ ਸਿੰਧ ਸੂਬੇ ਵਿਚ ਤਲਾਕਸ਼ੁਦਾ ਜਾਂ ਵਿਧਵਾ ਹਿੰਦੂ ਔਰਤਾਂ ਨੂੰ ਸੂਬਾਈ ਵਿਧਾਨ ਸਭਾ ਵੱਲੋਂ ਕੀਤੇ ਗਈ ਇਤਿਹਾਸਿਕ ਸੋਧ ਦੇ ਤਹਿਤ ਮੁੜ ਵਿਆਹ ਕਰਨ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਮੀਡੀਆ ਦੀ ਇਕ ਰਿਪੋਰਟ ਵਿਚ ਇਹ ਜਾਣਕਾਰੀ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਤਲਾਕਸ਼ੁਦਾ ਜਾਂ ਵਿਧਵਾ ਹਿੰਦੂ ਔਰਤਾਂ ਨੂੰ ਦੂਜਾ ਵਿਆਹ ਕਰਨ ਦੀ ਇਜਾਜ਼ਤ ਨਹੀਂ ਸੀ। ਇਕ ਅੰਗਰੇਜ਼ੀ ਅਖਬਾਰ ਦੀ ਖਬਰ ਮੁਤਾਬਕ ਸਿੰਧ ਹਿੰਦੂ ਵਿਆਹ (ਸੋਧ) ਬਿੱਲ 2018 ਨਾ ਸਿਰਫ ਪਤੀ-ਪਤਨੀ ਨੂੰ ਵੱਖ ਹੋਣ ਦਾ ਅਧਿਕਾਰ ਦਿੰਦਾ ਹੈ ਸਗੋਂ ਪਤਨੀ ਅਤੇ ਬੱਚਿਆਂ ਦੀ ਵਿੱਤੀ ਸੁਰੱਖਿਆ ਨੂੰ ਵੀ ਯਕੀਨੀ ਕਰਦਾ ਹੈ। 

ਪਾਕਿਸਤਾਨ ਮੁਸਲਿਮ ਲੀਗ ਦੇ ਨੇਤਾ ਨੰਦ ਕੁਮਾਰ ਨੇ ਇਸ ਬਿੱਲ ਨੂੰ ਪੇਸ਼ ਕੀਤਾ ਸੀ ਅਤੇ ਮਾਰਚ ਵਿਚ ਇਸ ਨੂੰ ਵਿਧਾਨ ਸਭਾ ਨੇ ਪਾਸ ਕੀਤਾ ਸੀ। ਕਾਨੂੰਨ ਮੁਤਾਬਕ,''ਹਿੰਦੂ ਵਿਆਹ ਭਾਵੇਂ ਇਸ ਕਾਨੂੰਨ ਦੇ ਲਾਗੂ ਹੋਣ ਤੋਂ ਪਹਿਲਾਂ ਹੋਇਆ ਹੋਵੇ ਜਾਂ ਬਾਅਦ ਵਿਚ, ਦੋਵੇਂ ਪੱਖ ਅਦਾਲਤ ਵਿਚ ਅਰਜ਼ੀ ਦਾਇਰ ਕਰ ਕੇ ਨਿਆਂਇਕ ਅਲਹਿਦਗੀ ਦਾ ਆਦੇਸ਼ ਦੇਣ ਦੀ ਅਪੀਲ ਕਰ ਸਕਦੇ ਹਨ।'' ਇਸ ਕਾਨੂੰਨ ਦੇ ਤਹਿਤ ਹਿੰਦੂ ਭਾਈਚਾਰੇ ਦੇ ਮੈਂਬਰਾਂ ਵਿਚ ਨਿਰਧਾਰਿਤ ਘੱਟੋ-ਘੱਟ ਉਮਰ ਤੋਂ ਛੋਟੀ ਉਮਰ ਵਿਚ ਵਿਆਹ ਕਰਨ 'ਤੇ ਪਾਬੰਦੀ ਹੋਵੇਗੀ। ਨੰਦ ਕੁਮਾਰ ਨੇ ਕਿਹਾ,''ਹਿੰਦੂ ਭਾਈਚਾਰਾ ਜ਼ਬਰਦਸਤੀ ਧਰਮ ਬਦਲਣ ਅਤੇ ਬਹੁਤ ਛੋਟੀ ਉਮਰ ਵਿਚ ਲੜਕੀਆਂ ਦੇ ਵਿਆਹ ਦਾ ਵਿਰੋਧ ਕਰਦਾ ਰਿਹਾ ਹੈ। ਇਸ ਕਾਨੂੰਨ ਨੇ ਹਿੰਦੂ ਭਾਈਚਾਰੇ ਵਿਚ ਨਾਬਾਲਗਾਂ ਦੇ ਵਿਆਹ 'ਤੇ ਪਾਬੰਦੀ ਲਗਾ ਦਿੱਤੀ ਹੈ।'' ਕੁਮਾਰ ਨੇ ਧਾਰਮਿਕ ਘੱਟ ਗਿਣਤੀ ਦੇ ਮੈਂਬਰਾਂ ਦੇ ਜ਼ਬਰਦਸਤੀ ਧਰਮ ਬਦਲਾਉਣ ਵਿਰੁੱਧ ਵੀ ਇਕ ਬਿੱਲ ਪੇਸ਼ ਕੀਤਾ ਹੈ ਪਰ ਬਿੱਲ ਸਿੰਧ ਵਿਧਾਨ ਸਭਾ ਸਕੱਤਰੇਤ ਵਿਚ ਧੂੜ ਖਾ ਰਿਹਾ ਹੈ। ਉਨ੍ਹਾਂ ਨੇ ਕਿਹਾ,''ਇਸ ਕਾਨੂੰਨ ਵਿਚ ਸੋਧ ਦਾ ਉਦੇਸ਼ ਅੱਜ ਦੇ ਜਮਾਨੇ ਦੇ ਮੁਤਾਬਕ ਪੁਰਾਣੇ ਹੋ ਚੁੱਕੇ ਰੀਤੀ-ਰਿਵਾਜਾਂ ਤੋਂ ਛੁਟਕਾਰਾ ਪਾਉਣਾ ਹੈ।''


Related News