ਪਾਕਿ ''ਚ ਸੰਗਤਾਂ ਦੀ ਲਈ ਹਿੰਦੀ ਭਾਸ਼ਾ ''ਚ ਲੱਗੇ ਬੋਰਡਾਂ ''ਤੇ ਹੰਗਾਮਾ
Thursday, Jul 25, 2019 - 01:16 PM (IST)

ਅੰਮ੍ਰਿਤਸਰ/ਇਸਲਾਮਾਬਾਦ (ਏਜੰਸੀ)— ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਭਾਰਤ-ਪਾਕਿਸਤਾਨ ਵੱਲੋਂ ਪੁਰਜ਼ੋਰ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਇਸੇ ਸਿਲਸਿਲੇ ਵਿਚ ਪਾਕਿਸਤਾਨ ਸਰਕਾਰ ਨੇ ਸੰਗਤ ਦੀ ਸਹੂਲਤ ਲਈ ਗੁਰਦੁਆਰਾ ਨਨਕਾਣਾ ਸਾਹਿਬ ਦੇ ਰਸਤੇ ਦੀ ਜਾਣਕਾਰੀ ਦੇਣ ਲਈ ਕੁਝ ਹਿੰਦੀ ਦੇ ਬੋਰਡ ਲਗਾਏ ਸਨ। ਹਿੰਦੀ ਦੇ ਇਨ੍ਹਾਂ ਬੋਰਡਾਂ ਵਿਚ ਹਿੰਦੀ ਅਤੇ ਉਰਦੂ ਭਾਸ਼ਾ ਵਿਚ ਗੁਰਦੁਆਰਾ, ਜਨਮ ਸਥਾਨ, ਨਨਕਾਣਾ ਸਾਹਿਬ ਅਤੇ ਇਕ ਹੋਰ ਸਟੇਸ਼ਨ ਦਾ ਨਾਮ ਲਿਖਿਆ ਹੈ। ਇਸ ਦਾ ਪਹਿਲਾ ਅੱਖਰ ਮਿਟਿਆ ਹੋਣ ਕਾਰਨ ਨਾਮ ਸਪੱਸ਼ਟ ਨਹੀਂ ਹੋ ਰਿਹਾ। ਇਹ ਬੋਰਡ ਲਾਹੌਰ ਤੋਂ ਮੁਲਤਾਨ ਜਾਣ ਵਾਲੇ ਰਸਤੇ ਵਿਚ ਲਗਾਏ ਗਏ ਸਨ।
ਹਿੰਦੀ ਵਿਚ ਲਗਾਏ ਗਏ ਇਨ੍ਹਾਂ ਬੋਰਡਾਂ ਦੇ ਬਾਅਦ ਪਾਕਿਸਤਾਨ ਦੇ ਕੱਟੜਪੰਥੀਆਂ ਨੇ ਹੰਗਾਮਾ ਮਚਾ ਦਿੱਤਾ ਹੈ। ਪਾਕਿਸਤਾਨ ਵਿਚ ਇਨ੍ਹਾਂ ਬੋਰਡਾਂ ਦੇ ਵਿਰੋਧ ਦੇ ਬਾਅਦ ਸਰਕਾਰ ਨੇ ਇਨ੍ਹਾਂ ਬੋਰਡਾਂ ਨੂੰ ਹਟਾਉਣ ਦਾ ਫੈਸਲਾ ਲਿਆ ਹੈ। ਸੀਮਾ ਦੇ ਇਸ ਪਾਸੇ ਵੀ ਹਿੰਦੀ ਦੇ ਇਨ੍ਹਾਂ ਬੋਰਡਾਂ ਦਾ ਵਿਰੋਧ ਇਸ ਲਈ ਕੀਤਾ ਗਿਆ ਕਿਉਂਕਿ ਸਿੱਖ ਸੰਗਠਨਾਂ ਨੂੰ ਖਦਸ਼ਾ ਸੀ ਕਿ ਪੰਜਾਬੀ ਭਾਸ਼ਾ ਵਿਚ ਸਥਾਪਿਤ ਬੋਰਡਾਂ ਨੂੰ ਹਟਾ ਕੇ ਹਿੰਦੀ ਦਾ ਬੋਰਡ ਸਥਾਪਿਤ ਕੀਤਾ ਗਿਆ।
ਪਾਕਿਸਤਾਨ ਨੈਸ਼ਨਲ ਹਾਈਵੇਅ ਅਥਾਰਿਟੀ ਨੇ ਸਪੱਸ਼ਟ ਕੀਤਾ ਹੈ ਕਿ ਨਨਕਾਣਾ ਸਾਹਿਬ ਜਾਣ ਵਾਲੀ ਰੋਡ 'ਤੇ ਹਾਲੇ ਵੀ ਪੰਜਾਬੀ ਦੇ ਬੋਰਡ ਲੱਗੇ ਹੋਏ ਹਨ। ਪਾਕਿਸਤਾਨ ਦੇ ਇਤਿਹਾਸਕਾਰ ਅਤੇ ਖਾਲਸਾ ਰਾਜ ਦੇ ਸਮੇਂ ਦੀਆਂ ਵਿਰਾਸਤਾਂ 'ਤੇ ਕੰਮ ਕਰ ਰਹੇ ਸ਼ਾਬਿਰ ਨੇ ਦੱਸਿਆ ਕਿ ਕੁਝ ਸੰਗਠਨਾਂ ਨੇ ਦੋਸ਼ ਲਗਾਇਆ ਹੈ ਕਿ ਪਾਕਿਸਤਾਨ ਸਰਕਾਰ ਨੇ ਭਾਰਤ ਸਰਕਾਰ ਦੇ ਦਬਾਅ ਹੇਠ ਹਿੰਦੀ ਦੇ ਬੋਰਡ ਲਗਾਏ ਸਨ। ਇਹ ਦੋਸ਼ ਨਿਰਾਧਾਰ ਹਨ। ਗੁਰਦੁਆਰਾ ਸਾਹਿਬ ਦੇ ਰਸਤੇ ਵਿਚ ਲੱਗੇ ਪੰਜਾਬੀ ਦੇ ਬੋਰਡਾਂ ਨੂੰ ਨਹੀਂ ਬਦਲਿਆ ਜਾ ਰਿਹਾ। ਹਿੰਦੀ ਦੇ ਬੋਰਡ ਇਕ ਦਿਨ ਪਹਿਲਾਂ ਲਗਾਏ ਗਏ ਹਨ, ਜਿਨ੍ਹਾਂ ਨੂੰ ਉਤਾਰਿਆ ਜਾਵੇਗਾ।
ਸ਼ਾਬਿਰ ਨੇ ਸਾਰੇ ਸਿੱਖ ਸੰਗਠਨਾਂ ਅਤੇ ਸੋਸ਼ਲ ਮੀਡੀਆ ਵਿਚ ਇਸ ਮਾਮਲੇ 'ਤੇ ਟਿੱਪਣੀ ਕਰਨ ਵਾਲਿਆਂ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਇਸ ਗੱਲ ਦਾ ਝੂਠਾ ਪ੍ਰਚਾਰ ਨਾ ਕਰਨ ਕਿ ਪੰਜਾਬੀ ਦੇ ਬੋਰਡ ਉਤਾਰੇ ਗਏ ਹਨ। ਪਾਕਿਸਤਾਨ ਐੱਮ.ਪੀ.ਏ. ਮੋਹਿੰਦਰ ਸਿੰਘ ਨੇ ਸੋਸ਼ਲ ਮੀਡੀਆ ਵਿਚ ਭੇਜੇ ਇਕ ਸੰਦੇਸ਼ ਵਿਚ ਕਿਹਾ,''ਨਵਾਂ ਬੋਰਡ ਗਲਤੀ ਨਾਲ ਸਥਾਪਿਤ ਕੀਤਾ ਗਿਆ ਸੀ। ਨੈਸ਼ਨਲ ਹਾਈਵੇਅ ਦੇ ਡਾਇਰੈਕਟਰ ਦੇ ਨਾਲ ਇਸ ਸਬੰਧ ਵਿਚ ਗੱਲਬਾਤ ਹੋ ਗਈ ਹੈ।'' ਉਨ੍ਹਾਂ ਨੇ ਦੱਸਿਆ ਕਿ ਟਰਾਂਸਲੇਸ਼ਨ ਵਿਚ ਗਲਤੀ ਹੋਈ ਹੈ। ਇਸ ਬੋਰਡ ਨੂੰ ਉਤਾਰ ਕੇ ਪੰਜਾਬੀ, ਉਰਦੂ ਅਤੇ ਅੰਗਰੇਜ਼ੀ ਭਾਸ਼ਾ ਵਾਲਾ ਬੋਰਡ ਲਗਾਇਆ ਜਾਵੇਗਾ।