ਪਾਕਿ ''ਚ ਖਾਲਿਸਤਾਨ ਸਮਰਥਕ ਗੋਪਾਲ ਚਾਵਲਾ ਨੇ ਬਲਦੇਵ ਕੁਮਾਰ ਨੂੰ ਦੱਸਿਆ ਝੂਠਾ

09/11/2019 1:52:23 PM

ਚੰਡੀਗੜ੍ਹ (ਟੱਕਰ)—  ਪਾਕਿਸਤਾਨ ਦੇ ਸਾਬਕਾ ਵਿਧਾਇਕ ਬਲਦੇਵ ਕੁਮਾਰ ਜੋ ਕਿ ਆਪਣਾ ਦੇਸ਼ ਛੱਡ ਕੇ ਹੁਣ ਪੰਜਾਬ ਦੇ ਸ਼ਹਿਰ ਖੰਨਾ ਵਿਖੇ ਆਪਣੇ ਸਹੁਰੇ ਘਰ ਰਹਿ ਰਹੇ ਹਨ। ਉਨ੍ਹਾਂ ਨੇ ਮੀਡਿਆ ਵਿਚ ਦੋਸ਼ ਲਗਾਏ ਸਨ ਕਿ ਪਾਕਿਸਤਾਨ ਵਿਚ ਸਿੱਖ ਪੂਰੀ ਤਰ੍ਹਾਂ ਸੁਰੱਖਿਅਤ ਨਹੀਂ, ਇਸ ਲਈ ਉਨ੍ਹਾਂ ਨੂੰ ਭਾਰਤ ਵਿਚ ਸ਼ਰਨ ਦਿੱਤੀ ਜਾਵੇ। ਪਾਕਿਸਤਾਨ ਦੇ ਸਾਬਕਾ ਵਿਧਾਇਕ ਬਲਦੇਵ ਕੁਮਾਰ ਦੇ ਲਗਾਏ ਦੋਸ਼ਾਂ 'ਤੇ ਉਥੇ ਰਹਿੰਦੇ ਖਾਲਿਸਤਾਨ ਸਮਰਥਕ ਅਤੇ ਅੱਤਵਾਦੀ ਹਾਫਿਜ਼ ਸਈਦ ਨਾਲ ਨਜ਼ਦੀਕੀਆਂ ਕਾਰਨ ਸੁਰਖੀਆਂ 'ਚ ਆਏ ਗੋਪਾਲ ਸਿੰਘ ਚਾਵਲਾ ਨੇ ਸੋਸ਼ਲ ਮੀਡੀਆ ਰਾਹੀਂ ਵੀਡਿਓ ਜਾਰੀ ਕਰ ਇਨ੍ਹਾਂ ਸਾਰੇ ਦੋਸ਼ਾਂ ਨੂੰ ਨਿਰਾਧਾਰ ਤੇ ਝੂਠਾ ਦੱਸਿਆ। 

ਗੋਪਾਲ ਸਿੰਘ ਚਾਵਲਾ ਨੇ ਕਿਹਾ ਕਿ ਇੱਥੇ ਰਹਿੰਦੇ ਸਾਰੇ ਸਿੱਖ ਪੂਰੀ ਤਰ੍ਹਾਂ ਸੁਰੱਖਿਅਤ ਹਨ ਅਤੇ ਪਾਕਿਸਤਾਨ ਸਰਕਾਰ ਉਨ੍ਹਾਂ ਨੂੰ ਹਰ ਤਰ੍ਹਾਂ ਦਾ ਸਹਿਯੋਗ ਦਿੰਦੀ ਹੈ। ਗੋਪਾਲ ਸਿੰਘ ਚਾਵਲਾ ਨੇ ਕਿਹਾ ਕਿ ਪਾਕਿਸਤਾਨ ਦਾ ਸਾਬਕਾ ਵਿਧਾਇਕ ਰਿਹਾ ਬਲਦੇਵ ਕੁਮਾਰ ਭਾਰਤ ਵਿਚ ਸ਼ਰਨ ਲੈਣ ਲਈ ਇਹ ਝੂਠ ਬੋਲ ਰਿਹਾ ਹੈ ਅਤੇ ਉਹ ਉਸ ਨੂੰ ਅਪੀਲ ਕਰਦੇ ਹਨ ਕਿ ਜੇਕਰ ਉਹ ਭਾਰਤ ਵਿਚ ਰਹਿਣਾ ਚਾਹੁੰਦਾ ਹੈ ਤਾਂ ਸਿੱਖਾਂ ਸਬੰਧੀ ਕੋਈ ਗਲਤ ਬਿਆਨਬਾਜ਼ੀ ਕਰਕੇ ਸ਼ਰਨ ਨਾ ਲਵੇ। ਗੋਪਾਲ ਚਾਵਲਾ ਨੇ ਇਹ ਵੀ ਕਿਹਾ ਕਿ ਜਿਸ ਤਰ੍ਹਾਂ ਦਾ ਵਪਾਰ ਬਲਦੇਵ ਕੁਮਾਰ ਪਾਕਿਸਤਾਨ ਵਿਚ ਕਰਦਾ ਸੀ ਉਸ ਤਰ੍ਹਾਂ ਦਾ ਹੁਣ ਉਹ ਭਾਰਤ ਵਿਚ ਕਰਕੇ ਦਿਖਾਵੇ ਕਿਉਂਕਿ ਸਿੱਖ ਹੋਣ ਕਰਕੇ ਉਸ ਨੂੰ ਪਾਕਿਸਤਾਨ ਵਿਚ ਛੱਡ ਦਿੱਤਾ ਜਾਂਦਾ ਸੀ ਪਰ ਭਾਰਤ ਨੇ ਨਹੀਂ ਬਖਸ਼ਣਾ।

ਗੋਪਾਲ ਸਿੰਘ ਚਾਵਲਾ ਨੇ ਬਲਦੇਵ ਕੁਮਾਰ ਜੋ ਪਾਕਿਸਤਾਨ ਵਿਚ ਕੀ ਵਪਾਰ ਕਰਦਾ ਸੀ ਉਸ ਬਾਰੇ ਕੋਈ ਜ਼ਿਕਰ ਨਹੀਂ ਕੀਤਾ। ਉਸ ਨੇ ਕਿਹਾ ਕਿ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹ ਕੇ ਪਾਕਿਸਤਾਨ ਸਰਕਾਰ ਨੇ ਸਿੱਖ ਧਰਮ ਦਾ ਹਮਾਇਤੀ ਹੋਣ ਦਾ ਸਬੂਤ ਦਿੱਤਾ ਹੈ ਅਤੇ ਨਾਲ ਹੀ ਇਹ ਵੀ ਕਿਹਾ ਕਿ ਪਾਕਿਸਤਾਨ ਆਉਣ ਲਈ ਜੋ 20 ਡਾਲਰ ਫੀਸ ਰੱਖੀ ਗਈ ਹੈ ਉਹ ਗੁਰਦੁਆਰਾ ਸਾਹਿਬ ਦਰਸ਼ਨਾਂ ਲਈ ਨਹੀਂ ਬਲਕਿ ਇੱਥੋਂ ਦੀ ਸਰਕਾਰ ਨੇ 1100 ਏਕੜ ਜ਼ਮੀਨ ਖਰੀਦੀ ਅਤੇ ਹੋਰ ਵਿਕਾਸ ਕਰਵਾਏ, ਉਸ ਅਧਾਰ 'ਤੇ ਇਹ ਫੀਸ ਬਿਲਕੁਲ ਜਾਇਜ਼ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਕੋਈ ਗਰੀਬ ਵਿਅਕਤੀ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਲਈ ਆਉਣਾ ਚਾਹੁੰਦਾ ਹੈ ਅਤੇ 20 ਡਾਲਰ ਫੀਸ ਨਹੀਂ ਦੇ ਸਕਦਾ ਤਾਂ ਉਹ ਇੱਥੇ ਆ ਕੇ ਇੱਕ ਫਾਰਮ ਭਰੇ ਉਸ ਦੀ ਫੀਸ ਦਾ ਪੈਸਾ ਅਸੀਂ ਅਦਾ ਕਰਾਂਗੇ।


Vandana

Content Editor

Related News