ਪਾਕਿਸਤਾਨ: ਫੌਜ ਖ਼ਿਲਾਫ਼ ਸੋਸ਼ਲ ਮੀਡੀਆ ''ਤੇ ਮੁਹਿੰਮ ਚਲਾਉਣ ਨੂੰ ਲੈ ਕੇ ਡਾਕਟਰ ਗ੍ਰਿਫ਼ਤਾਰ
Friday, Aug 26, 2022 - 06:03 PM (IST)

ਲਾਹੌਰ (ਏਜੰਸੀ)- ਪਾਕਿਸਤਾਨ ਦੀ ਚੋਟੀ ਦੀ ਜਾਂਚ ਏਜੰਸੀ ਨੇ ਫੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਅਤੇ ਫੌਜ ਖ਼ਿਲਾਫ਼ ਸੋਸ਼ਲ ਮੀਡੀਆ ਮੁਹਿੰਮ ਚਲਾਉਣ ਵਿਚ ਕਥਿਤ ਸ਼ਮੂਲੀਅਤ ਨੂੰ ਲੈ ਕੇ ਇਕ ਸੀਨੀਅਰ ਡਾਕਟਰ ਅਤੇ ਬਰਖ਼ਾਸਤ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਇਕ ਕੱਟੜ ਸਮਰਥਕ ਨੂੰ ਗ੍ਰਿਫ਼ਤਾਰ ਕੀਤਾ ਹੈ। ਫੈਡਰਲ ਇਨਵੈਸਟੀਗੇਸ਼ਨ ਏਜੰਸੀ (ਐੱਫ. ਆਈ. ਏ.) ਦੇ ਸਾਈਬਰ ਕ੍ਰਾਈਮ ਵਿੰਗ ਨੇ ਫੌਜ ਮੁਖੀ ਖ਼ਿਲਾਫ਼ ਨਫਰਤ ਫੈਲਾਉਣ ਵਾਲੀ ਮੁਹਿੰਮ ਚਲਾਉਣ ਵਿਚ ਸ਼ਾਮਲ ਲੋਕਾਂ ਖ਼ਿਲਾਫ਼ ਵੱਡੇ ਪੱਧਰ 'ਤੇ ਮੁਹਿੰਮ ਸ਼ੁਰੂ ਕੀਤੀ ਹੈ। ਬਲੋਚਿਸਤਾਨ ਸੂਬੇ ਦੇ ਲਾਸਬੇਲਾ 'ਚ 1 ਅਗਸਤ ਨੂੰ ਫੌਜ ਦਾ ਹੈਲੀਕਾਪਟਰ ਹਾਦਸਾਗ੍ਰਸਤ ਹੋਣ ਤੋਂ ਬਾਅਦ ਇਹ ਮੁਹਿੰਮ ਸ਼ੁਰੂ ਕੀਤੀ ਗਈ ਸੀ।
ਐੱਫ.ਆਈ.ਏ. ਦੇ ਸਾਈਬਰ ਕ੍ਰਾਈਮ ਵਿੰਗ ਦੇ ਇੱਕ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਐੱਫ.ਆਈ.ਏ. ਨੇ ਫੌਜ ਅਤੇ ਖ਼ਾਸ ਤੌਰ 'ਤੇ ਫੌਜ ਮੁਖੀ ਦੇ ਖ਼ਿਲਾਫ਼ ਸੋਸ਼ਲ ਮੀਡੀਆ 'ਤੇ ਇੱਕ ਮੁਹਿੰਮ ਚਲਾਉਣ ਵਿੱਚ ਕਥਿਤ ਸ਼ਮੂਲੀਅਤ ਦੇ ਦੋਸ਼ ਵਿੱਚ ਚਿਲਡਰਨ ਹਸਪਤਾਲ, ਲਾਹੌਰ ਦੇ ਸੀਨੀਅਰ ਰਜਿਸਟਰਾਰ ਡਾਕਟਰ ਸਹਿਰ ਸੌਦ ਦੀ ਰਿਹਾਇਸ਼ 'ਤੇ ਛਾਪਾ ਮਾਰਿਆ। ਉਨ੍ਹਾਂ ਕਿਹਾ ਕਿ ਐੱਫ.ਆਈ.ਏ. ਨੇ ਉਨ੍ਹਾਂ ਨੂੰ ਇੱਕ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਕੀਤਾ, ਜਿਸ ਨੇ ਜਾਂਚ ਲਈ ਉਨ੍ਹਾਂ ਨੂੰ 14 ਦਿਨਾਂ ਲਈ ਏਜੰਸੀ ਦੀ ਹਿਰਾਸਤ ਵਿੱਚ ਭੇਜ ਦਿੱਤਾ।