ਪਾਕਿ ਨੇ FATF ਨੂੰ ਸੌਂਪੀ ਅਨੁਪਾਲਨ ਰਿਪੋਰਟ, ਸਮੇਂ ਸੀਮਾ ਵਧਣ ਦੀ ਆਸ
Thursday, Dec 05, 2019 - 12:37 PM (IST)

ਇਸਲਾਮਾਬਾਦ (ਬਿਊਰੋ): ਮੌਜੂਦਾ ਸਮੇ ਵਿਚ ਆਰਥਿਕ ਤੰਗੀ ਨਾਲ ਜੂਝ ਰਹੇ ਪਾਕਿਸਤਾਨ ਨੂੰ ਬਲੈਕਲਿਸਟ ਵਿਚ ਪਾਏ ਜਾਣ ਦਾ ਡਰ ਸਤਾ ਰਿਹਾ ਹੈ। ਇਸ ਦੌਰਾਨ ਪਾਕਿਸਤਾਨ ਨੇ ਪੈਰਿਸ ਦੇ ਵਿੱਤੀ ਕਾਰਵਾਈ ਟਾਸਕ ਫੋਰਸ ( FATF) ਨੂੰ ਅਨੁਪਾਲਨ ਰਿਪੋਰਟ ਸੌਂਪ ਦਿੱਤੀ ਹੈ। ਉਸ ਨੂੰ ਆਸ ਹੈ ਕਿ ਫਰਵਰੀ ਤੱਕ ਦਿੱਤੀ ਗਈ ਸਮੇਂ ਸੀਮਾ ਨੂੰ ਜੂਨ 2020 ਤੱਕ ਵਧਾਇਆ ਜਾ ਸਕਦਾ ਹੈ। ਪਾਕਿਸਤਾਨ ਦੀ ਸਰਕਾਰ 'ਤੇ ਅੱਤਵਾਦ ਦੇ ਵਿੱਤਪੋਸ਼ਣ ਅਤੇ ਮਨੀ ਲਾਂਡਰਿੰਗ ਨੂੰ ਖਤਮ ਕਰਨ ਦਾ ਭਾਰੀ ਦਬਾਅ ਹੈ।
ਆਰਥਿਕ ਮਾਮਲਿਆਂ ਦੇ ਮੰਤਰੀ ਹਮਾਦ ਅਜ਼ਹਰ ਨੇ ਕਿਹਾ ਕਿ ਪਾਬੰਦੀਸ਼ੁਦਾ ਅੱਤਵਾਦੀ ਸੰਗਠਨਾਂ ਦੀਆਂ ਗਤੀਵਿਧੀਆਂ 'ਤੇ ਰੋਕ ਲਗਾਉਣ ਅਤੇ ਉਨ੍ਹਾਂ ਦੇ ਵਿੱਤੀ ਖਾਤਿਆਂ ਨੂੰ ਜ਼ਬਤ ਕਰਨ ਲਈ ਪਾਕਿਸਤਾਨ ਸਰਕਾਰ ਨੇ ਜਿਹੜੇ ਕਦਮ ਚੁੱਕੇ ਹਨ, ਉਨ੍ਹਾਂ ਦੀ ਅਨੁਪਾਲਨ ਰਿਪੋਰਟ ਐੱਫ.ਏ.ਟੀ.ਐੱਫ. ਨੂੰ ਸੌਂਪ ਦਿੱਤੀ ਗਈ ਹੈ। ਪਾਕਿਸਤਾਨ ਨੂੰ ਆਸ ਹੈ ਕਿ ਐੱਫ.ਏ.ਟੀ.ਐੱਫ. 27 ਸੂਤਰੀ ਕਾਰਜ ਯੋਜਨਾ 'ਤੇ ਅਮਲ ਕਰਨ ਦੀ ਸਮੇਂ ਸੀਮਾ ਨੂੰ ਫਰਵਰੀ ਤੋਂ ਵਧਾ ਕੇ ਜੂਨ ਕਰ ਦੇਵੇਗਾ। ਉਨ੍ਹਾਂ ਨੇ ਕਿਹਾ ਕਿ ਮੌਜੂਦਾ ਫਰਵਰੀ ਦੀ ਸਮੇਂ ਸੀਮਾ ਪਾਕਿਸਤਾਨ ਦੇ ਲਈ ਸਾਰੀਆਂ 27 ਕਾਰਜ ਯੋਜਨਾਵਾਂ ਦੇ ਪਾਲਣ ਲਈ ਕਾਫੀ ਘੱਟ ਹੈ।
ਇੱਥੇ ਦੱਸ ਦਈਏ ਕਿ ਐੱਫ.ਏ.ਟੀ.ਐੱਫ. ਨੇ ਪਾਕਿਸਤਾਨ ਨੂੰ ਪਿਛਲੇ ਸਾਲ ਜੂਨ ਵਿਚ ਗ੍ਰੇ-ਸੂਚੀ ਵਿਚ ਪਾ ਦਿੱਤਾ ਸੀ। ਇਸ ਦੇ ਨਾਲ ਅੱਤਵਾਦ ਵਿੱਤਪੋਸ਼ਣ ਨੂੰ ਰੋਕਣ ਲਈ ਇਕ ਕਾਰਜ ਯੋਜਨਾ 'ਤੇ ਕਦਮ ਚੁੱਕਣ ਲਈ ਅਕਤਬੂਰ 2019 ਤੱਕ ਦਾ ਸਮਾਂ ਦਿੱਤਾ ਸੀ। ਭਾਵੇਂਕਿ ਇਸ ਦੌਰਾਨ ਪਾਕਿਸਤਾਨ ਵੱਲੋਂ ਚੁੱਕੇ ਗਏ ਕਦਮਾਂ ਨਾਲ ਐੱਫ.ਏ.ਟੀ.ਐੱਫ. ਸੰਤੁਸ਼ਟ ਨਹੀਂ ਸੀ ਅਤੇ ਉਸ ਨੇ ਅਕਤੂਬਰ ਵਿਚ ਪਾਕਿਸਤਾਨ ਨੂੰ ਬਲੈਕਲਿਸਟ ਵਿਚ ਤਾਂ ਨਹੀਂ ਪਾਇਆ ਪਰ ਮਨੀ ਲਾਂਡਰਿੰਗ ਅਤੇ ਅੱਤਵਾਦੀ ਗਤੀਵਿਧੀਆਂ ਨੂੰ ਮਿਲਣ ਵਾਲੀ ਵਿੱਤੀ ਮਦਦ 'ਤੇ ਰੋਕ ਲਗਾਉਣ ਲਈ ਫਰਵਰੀ 2020 ਤੱਕ ਦਾ ਸਮਾਂ ਦਿੱਤਾ ਸੀ।