ਚੀਨੀ ਨਾਗਰਿਕਾਂ ''ਤੇ ਪਾਕਿ ਔਰਤਾਂ ਦੀ ਗੈਰ ਕਾਨੂੰਨੀ ਤਸਕਰੀ ਦਾ ਦੋਸ਼
Thursday, Apr 18, 2019 - 11:10 AM (IST)

ਇਸਲਾਮਾਬਾਦ (ਬਿਊਰੋ)— ਪਾਕਿਸਤਾਨ ਦੇ ਦੋਸਤ ਚੀਨ 'ਤੇ ਉਸ ਦੇ ਕਰਮਚਾਰੀਆਂ ਵੱਲੋਂ ਸੀ.ਪੀ.ਈ.ਸੀ. ਦੇ ਬਹਾਨੇ ਪਾਕਿਸਤਾਨੀ ਔਰਤਾਂ ਦਾ ਗੈਰ ਕਾਨੂੰਨੀ ਵਪਾਰ ਕਰਨ ਦਾ ਦੋਸ਼ ਲੱਗਿਆ ਹੈ। ਇਕ ਰਿਪੋਰਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਚੀਨ-ਪਾਕਿਸਤਾਨ ਆਰਥਿਕ ਕੋਰੀਡੋਰ ਪ੍ਰਾਜੈਕਟ ਵਿਚ ਕੰਮ ਕਰਨ ਵਾਲੇ ਚੀਨੀ ਪੁਰਸ਼, ਪਾਕਿਸਤਾਨੀ ਔਰਤਾਂ ਦਾ ਗੈਰ ਕਾਨੂੰਨੀ ਵਪਾਰ ਕਰ ਰਹੇ ਹਨ। ਇਸ ਰਿਪੋਰਟ ਮੁਤਾਬਕ ਚੀਨ ਦੇ ਇਹ ਤਸਕਰ ਪੂਰੇ ਪਾਕਿਸਤਾਨ ਵਿਚ ਵਿਆਹ ਦੇ ਬਹਾਨੇ ਆਰਥਿਕ ਰੂਪ ਨਾਲ ਪਛੜੀਆਂ ਔਰਤਾਂ ਨੂੰ ਫਸਾ ਰਹੇ ਹਨ।
ਇਸ ਲਈ ਬਕਾਇਦਾ ਸੈਂਟਰ ਖੋਲ੍ਹੇ ਗਏ ਹਨ, ਜਿੱਥੇ ਔਰਤਾਂ ਨੂੰ ਧਨ ਦਾ ਲਾਲਚ ਦਿੱਤਾ ਜਾ ਰਿਹਾ ਹੈ। ਇਨ੍ਹਾਂ ਔਰਤਾਂ ਨੂੰ ਚੀਨ ਵਿਚ ਲਿਜਾ ਕੇ ਜਾਂ ਤਾਂ ਵੇਸਵਾਪੁਣੇ ਵਿਚ ਧੱਕ ਦਿੱਤਾ ਜਾਂਦਾ ਹੈ ਜਾਂ ਫਿਰ ਇਨ੍ਹਾਂ ਦੇ ਸਰੀਰਕ ਅੰਗ ਕੱਢ ਕੇ ਵੇਚ ਦਿੱਤੇ ਜਾਂਦੇ ਹਨ। ਸੀ.ਪੀ.ਈ.ਸੀ. ਪ੍ਰਾਜੈਕਟ ਦੇ ਸਾਲ 2013 ਵਿਚ ਲਾਗੂ ਕੀਤੇ ਜਾਣ ਦੇ ਬਾਅਦ ਤੋਂ ਪਾਕਿਸਤਾਨ ਜਾਣ ਵਾਲੇ ਚੀਨੀ ਨਾਗਰਿਕਾਂ ਦੀ ਗਿਣਤੀ ਕਾਫੀ ਵੱਧ ਗਈ ਹੈ। ਇਸ ਗੱਲ ਦਾ ਖਦਸ਼ਾ ਜ਼ਾਹਰ ਕੀਤਾ ਗਿਆ ਹੈ ਕਿ 25 ਅਪ੍ਰੈਲ ਨੂੰ ਹੋਣ ਵਾਲੇ ਬੈਲਟ ਐਂਡ ਰੋਡ ਇਨੀਸ਼ੀਏਟਿਵ (ਬੀ.ਆਰ.ਆਈ.) ਸਿਖਰ ਸੰਮੇਲਨ ਤੋਂ ਪਹਿਲਾਂ ਜਾਰੀ ਇਹ ਰਿਪੋਰਟ ਦੋਹਾਂ ਪੱਖਾਂ ਲਈ ਚਿੰਤਾ ਦਾ ਕਾਰਨ ਬਣ ਸਕਦੀ ਹੈ।
ਇਸਲਾਮਾਬਾਦ ਸਥਿਤ ਚੀਨੀ ਦੂਤਘਰ ਨੇ ਸ਼ਨੀਵਾਰ ਨੂੰ ਇਨ੍ਹਾਂ ਰਿਪੋਰਟਾਂ 'ਤੇ ਪ੍ਰਤੀਕਿਰਿਆ ਜ਼ਾਹਰ ਕੀਤੀ। ਚੀਨੀ ਦੂਤਘਰ ਨੇ ਇਕ ਬਿਆਨ ਵਿਚ ਕਿਹਾ,''ਅਸੀਂ ਚੀਨੀ ਅਤੇ ਪਾਕਿਸਤਾਨੀ ਨਾਗਰਿਕਾਂ ਨੂੰ ਸਾਵਧਾਨ ਰਹਿਣ ਅਤੇ ਧੋਖਾ ਨਾ ਦੇਣ ਦਾ ਵਿਸ਼ਵਾਸ ਦਿਵਾਉਂਦੇ ਹਾਂ। ਸਾਨੂੰ ਆਸ ਹੈ ਕਿ ਜਨਤਾ ਭਰਮਾਉਣ ਵਾਲੀਆਂ ਸੂਚਨਾਵਾਂ 'ਤੇ ਵਿਸ਼ਵਾਸ ਨਹੀਂ ਕਰੇਗੀ।''