ਪਾਕਿ ਦੀ ਅਪੀਲ, ਸਿੱਖ ਭਾਈਚਾਰਾ ਕਰਤਾਰਪੁਰ ਕੋਰੀਡੋਰ ''ਚ ਕਰੇ ਨਿਵੇਸ਼

Monday, Jan 14, 2019 - 12:02 PM (IST)

ਲਾਹੌਰ (ਬਿਊਰੋ)— ਪਾਕਿਸਤਾਨ ਨੇ ਕਰਤਰਾਪੁਰ ਕੋਰੀਡੋਰ ਵਿਚ ਨਿਵੇਸ਼ ਕਰਨ ਅਤੇ ਕਰਤਾਰਪੁਰ ਤੇ ਨਨਕਾਣਾ ਸਾਹਿਬ ਦੇ ਵਿਚਾਲੇ ਦੇ ਖੇਤਰ ਨੂੰ ਬੇਮਿਸਾਲ ਅਤੇ ਇਤਿਹਾਸਿਕ ਬਣਾਉਣ ਲਈ ਦੁਨੀਆ ਭਰ ਵਿਚ ਵੱਸਦੇ ਸਿੱਖ ਭਾਈਚਾਰੇ ਨੂੰ ਨਿਵੇਸ਼ ਕਰਨ ਦੀ ਅਪੀਲ ਕੀਤੀ ਹੈ। ਪਾਕਿਸਤਾਨ ਨੇ ਕਿਹਾ ਹੈ ਕਿ ਉਸ ਨੇ ਕਰਤਾਰਪੁਰ ਵਿਚ ਸਿੱਖਾਂ ਨੂੰ ਸਾਰੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਹਨ। ਇਨ੍ਹਾਂ ਸਹੂਲਤਾਂ ਲਈ ਪਾਕਿਸਤਾਨ ਸਰਕਾਰ ਨੇ ਕਾਫੀ ਪੈਸਾ ਖਰਚ ਕੀਤਾ ਹੈ। ਹੁਣ ਪਾਕਿਸਤਾਨ ਸਰਕਾਰ ਨੇ ਦੁਨੀਆ ਭਰ ਵਿਚ ਵੱਸਦੇ ਸਿੱਖਾਂ ਨੂੰ ਇਸ ਇਲਾਕੇ ਵਿਚ ਨਿਵੇਸ਼ ਕਰਨ ਦੀ ਅਪੀਲ ਕੀਤੀ ਹੈ।

ਸਿੱਖ ਭਾਈਚਾਰੇ ਨੂੰ ਅਪੀਲ 
ਵੀਰਵਾਰ ਨੂੰ ਪੱਛਮੀ ਲੰਡਨ ਦੇ ਸਾਊਥਾਲ ਵਿਚ ਗੁਰੂ ਗੋਬਿੰਦ ਸਿੰਘ ਸਭਾ ਵਿਚ ਸਿੱਖ ਭਾਈਚਾਰੇ ਨਾਲ ਗੱਲ ਕਰਨ ਦੌਰਾਨ ਪਾਕਿਸਤਾਨੀ ਪੰਜਾਬ ਸੂਬੇ ਦੇ ਰਾਜਪਾਲ ਚੌਧਰੀ ਮੁਹੰਮਦ ਸਰਵਰ ਨੇ ਅਪੀਲ ਕੀਤੀ ਕਿ ਸਿੱਖ ਭਾਈਚਾਰਾ ਕਰਤਾਰਪੁਰ ਸਾਹਿਬ ਵਿਚ ਨਿਵੇਸ਼ ਕਰੇ। ਉਨ੍ਹਾਂ ਨੇ ਕਿਹਾ,''ਕਰਤਾਰਪੁਰ ਕੋਰੀਡੋਰ ਦਾ ਉਦਘਾਟਨ 70 ਸਾਲਾਂ ਹੋਈ ਇਕ ਸ਼ਾਨਦਾਰ ਘਟਨਾ ਹੈ। ਅਸੀਂ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਮਹਿਸੂਸ ਕਰਦੇ ਹਾਂ।'' 

ਸਰਵਰ ਨੇ ਅੱਗੇ ਕਿਹਾ,''ਸਿੱਖ ਸਾਡੇ ਭੈਣ-ਭਰਾ ਹਨ। ਪਾਕਿਸਤਾਨ ਪਹਿਲਾਂ ਤੋਂ ਹੀ ਉਨ੍ਹਾਂ ਦਾ ਸਮਰਥਨ ਅਤੇ ਮਦਦ ਕਰ ਰਿਹਾ ਹੈ। ਪੂਰੇ ਦੇਸ਼ ਵਿਚ ਖਾਸ ਕਰ ਕੇ ਨਨਕਾਣਾ ਸਾਹਿਬ ਵਿਚ ਗੁਰਦੁਆਰਿਆਂ ਦੀ ਦੇਖਭਾਲ ਕਰਨ ਲਈ ਪਾਕਿਸਤਾਨ ਨੇ ਪੈਸੇ ਦੀ ਕੋਈ ਕਮੀ ਨਹੀਂ ਹੋਣ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਦੋਹਾਂ ਦੇਸ਼ਾਂ ਨੇ ਸਦਭਾਵਨਾ ਅਤੇ ਦੋਸਤੀ ਦੀ ਨੀਂਹ ਰੱਖੀ ਹੈ। ਕੋਰੀਡੋਰ ਦਾ ਉਦਘਾਟਨ ਅਸਲ ਵਿਚ 120 ਮਿਲੀਅਨ ਸਿੱਖ ਭਾਈਚਾਰੇ ਦੀਆਂ ਇੱਛਾਵਾਂ ਨੂੰ ਪੂਰਾ ਕਰਦਾ ਹੈ।'' ਸਰਵਰ ਨੇ ਇਹ ਵੀ ਕਿਹਾ ਕਿ ਪਾਕਿਸਤਾਨ ਸਰਕਾਰ ਧਾਰਮਿਕ ਥਾਵਾਂ ਦੇ ਵਿਕਾਸ ਅਤੇ ਕੋਰੀਡੋਰ ਨੂੰ ਜੋੜਨ ਦੇ ਸਾਰੇ ਖਰਚਿਆਂ ਨੂੰ ਪੂਰਾ ਕਰੇਗੀ। 

ਵਪਾਰਕ ਪ੍ਰਾਜੈਕਟਾਂ ਵਿਚ ਨਿਵੇਸ਼ ਦੀ ਅਪੀਲ
ਚੌਧਰੀ ਮੁਹੰਮਦ ਸਰਵਰ ਨੇ ਅਪੀਲ ਕੀਤੀ ਕਿ ਸਿੱਖ ਭਾਈਚਾਰਾ ਕਰਤਾਰਪੁਰ ਸਾਹਿਬ ਵਿਚ ਨਿਵੇਸ਼ ਕਰੇ। ਉਨ੍ਹਾਂ ਨੇ ਕਿਹਾ ਕਿ ਨਨਕਾਣਾ ਸਾਹਿਬ ਵਿਚ ਜ਼ਮੀਨ ਦੀ ਕੋਈ ਕਮੀ ਨਹੀਂ ਇਸ ਲਈ ਮੈਂ ਨਿੱਜੀ ਤੌਰ 'ਤੇ ਅਤੇ ਪਾਕਿਸਤਾਨ ਸਰਕਾਰ ਵੱਲੋਂ ਸਿੱਖ ਭਾਈਚਾਰੇ ਨੂੰ ਇੱਥੇ ਨਿਵੇਸ਼ ਕਰਨ ਦਾ ਸੱਦਾ ਦਿੰਦਾ ਹਾਂ। ਉਨ੍ਹਾਂ ਨੇ ਪ੍ਰਸਤਾਵ ਦਿੱਤਾ ਕਿ ਬ੍ਰਿਟੇਨ ਅਤੇ ਹੋਰ ਦੇਸ਼ਾਂ ਵਿਚ ਵੱਸਦੇ ਸਿੱਖ ਭਾਈਚਾਰੇ ਦੇ ਲੋਕ ਵਿੱਦਿਅਕ ਅਦਾਰਿਆਂ, ਹੋਟਲ ਅਤੇ ਕਾਰੋਬਾਰ ਉਦਯੋਗਾਂ ਵਿਚ ਨਿਵੇਸ਼ ਕਰਨ। ਇਸ ਤਰ੍ਹਾਂ ਉਹ ਆਪਣੇ ਭਾਈਚਾਰੇ ਦੀ ਸੇਵਾ ਕਰ ਸਕਦੇ ਹਨ ਅਤੇ ਨਾਲ ਹੀ ਭਾਰੀ ਲਾਭ ਵਿਚ ਪ੍ਰਾਪਤ ਕਰ ਸਕਦੇ ਹਨ। 

ਸਰਵਰ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦੇ ਪਸਾਰ ਲਈ ਨਨਕਾਣਾ ਸਾਹਿਬ ਵਿਚ ਗੁਰੂ ਨਾਨਕ ਯੂਨੀਵਰਸਿਟੀ ਦੀ ਸਥਾਪਨਾ ਦੀ ਇੱਛਾ ਜ਼ਾਹਰ ਕੀਤੀ। ਸ੍ਰੀ ਗੁਰੂ ਗੋਬਿੰਦ ਸਿੰਘ ਸਭਾ ਦੇ ਪ੍ਰਧਾਨ ਗੁਰਮੇਲ ਸਿੰਘ ਮਲਹੀ ਅਤੇ ਉਪ ਪ੍ਰਧਾਨ ਸੋਹਨ ਸਿੰਘ ਸਮਰਾ ਸਮੇਤ ਹੋਰ ਸਿੱਖ ਨੇਤਾਵਾਂ ਨੇ ਸਰਵਰ ਨੂੰ ਉਨ੍ਹਾਂ ਦੀ ਪੇਸ਼ਕਸ਼ ਲਈ ਧੰਨਵਾਦ ਪ੍ਰਗਟ ਕੀਤਾ ਅਤੇ ਵਾਅਦਾ ਕੀਤਾ ਕਿ ਸਿੱਖ ਭਾਈਚਾਰਾ ਪੂਰੇ ਤੌਰ 'ਤੇ ਹਰ ਪ੍ਰਾਜੈਕਟ ਦਾ ਸਮਰਥਨ ਕਰੇਗਾ।


Vandana

Content Editor

Related News