ਖੁਸ਼ਹਾਲ ਅਤੇ ਲੋਕਤੰਤਰੀ ਪਾਕਿਸਤਾਨ ਅਮਰੀਕੀ ਹਿੱਤਾਂ ਲਈ ਬਹੁਤ ਜ਼ਰੂਰੀ: ਵ੍ਹਾਈਟ ਹਾਊਸ

Tuesday, Apr 12, 2022 - 03:29 PM (IST)

ਖੁਸ਼ਹਾਲ ਅਤੇ ਲੋਕਤੰਤਰੀ ਪਾਕਿਸਤਾਨ ਅਮਰੀਕੀ ਹਿੱਤਾਂ ਲਈ ਬਹੁਤ ਜ਼ਰੂਰੀ: ਵ੍ਹਾਈਟ ਹਾਊਸ

ਵਾਸ਼ਿੰਗਟਨ - ਵ੍ਹਾਈਟ ਹਾਊਸ ਨੇ ਸੋਮਵਾਰ ਨੂੰ ਕਿਹਾ ਕਿ ਅਮਰੀਕਾ ਪਾਕਿਸਤਾਨ ਨਾਲ ਆਪਣੇ ਲੰਬੇ ਸਮੇਂ ਦੇ ਸਹਿਯੋਗ ਦੀ ਮਹੱਤਵ ਦਿੰਦਾ ਹੈ ਅਤੇ ਉਸ ਦਾ ਹਮੇਸ਼ਾ ਤੋਂ ਇਹ ਮੰਨਣਾ ਹੈ ਕਿ ਇਕ ਖੁਸ਼ਹਾਲ ਅਤੇ ਲੋਕਤੰਤਰੀ ਪਾਕਿਸਤਾਨ ਇਸ ਖੇਤਰ ਵਿਚ ਅਮਰੀਕੀ ਹਿੱਤਾਂ ਲਈ ਜ਼ਰੂਰੀ ਹੈ। ਸ਼ਾਹਬਾਜ਼ ਸ਼ਰੀਫ ਨੇ ਸੋਮਵਾਰ ਨੂੰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ, ਜਿਸ ਨਾਲ ਪਾਕਿਸਤਾਨ ਵਿਚ ਸਿਆਸੀ ਅਨਿਸ਼ਚਿਤਤਾ ਖ਼ਤਮ ਹੋ ਗਈ।

ਬੇਭਰੋਸਗੀ ਮਤੇ ਦੇ ਜ਼ਰਿਏ ਇਮਰਾਨ ਖਾਨ ਨੂੰ ਸੱਤਾ ਤੋਂ ਲਾਂਭੇ ਕੀਤੇ ਜਾਣ ਤੋਂ ਬਾਅਦ ਸ਼ਰੀਫ ਪਾਕਿਸਤਾਨ ਦੇ ਨਵੇਂ ਪ੍ਰਧਾਨ ਮੰਤਰੀ ਬਣ ਗਏ ਹਨ। ਪਾਕਿਸਤਾਨ 'ਚ ਵੱਡੇ ਸਿਆਸੀ ਘਟਨਾਕ੍ਰਮ 'ਤੇ ਇਕ ਸਵਾਲ ਦੇ ਜਵਾਬ 'ਚ ਵ੍ਹਾਈਟ ਹਾਊਸ ਦੇ ਪ੍ਰੈੱਸ ਸਕੱਤਰ ਜੇਨ ਸਾਕੀ ਨੇ ਕਿਹਾ ਕਿ ਅਮਰੀਕਾ ਇਸਲਾਮਾਬਾਦ ਨਾਲ ਆਪਣੇ ਲੰਬੇ ਸਮੇਂ ਤੋਂ ਚੱਲ ਰਹੇ ਸਹਿਯੋਗ ਦੀ ਕਦਰ ਕਰਦਾ ਹੈ।

ਰੋਜ਼ਾਨਾ ਪ੍ਰੈਸ ਕਾਨਫਰੰਸ ਵਿੱਚ ਉਨ੍ਹਾਂ ਨੇ ਕਿਹਾ, ‘ਅਸੀਂ ਪਾਕਿਸਤਾਨ ਨਾਲ ਆਪਣੇ ਲੰਬੇ ਸਮੇਂ ਦੇ ਸਹਿਯੋਗ ਦੀ ਕਦਰ ਕਰਦੇ ਹਾਂ ਅਤੇ ਇੱਕ ਖੁਸ਼ਹਾਲ ਅਤੇ ਲੋਕਤੰਤਰੀ ਪਾਕਿਸਤਾਨ ਨੂੰ ਹਮੇਸ਼ਾ ਅਮਰੀਕੀ ਹਿੱਤਾਂ ਦਾ ਕੇਂਦਰ ਮੰਨਿਆ ਹੈ। ਸਾਡਾ ਰਵੱਈਆ ਹਮੇਸ਼ਾ ਇਹ ਰਿਹਾ ਹੈ, ਭਾਵੇਂ ਲੀਡਰਸ਼ਿਪ ਕੋਈ ਵੀ ਹੋਵੇ।" ਹਾਲਾਂਕਿ, ਸਾਕੀ ਨੇ ਰਾਸ਼ਟਰਪਤੀ ਜੋਅ ਬਾਇਡਨ ਅਤੇ ਸ਼ਰੀਫ ਵਿਚਕਾਰ ਫੋਨ ਕਾਲ ਦੀ ਸੰਭਾਵਨਾ 'ਤੇ ਸਵਾਲ ਦਾ ਜਵਾਬ ਦੇਣ ਤੋਂ ਗੁਰੇਜ਼ ਕੀਤਾ।


author

rajwinder kaur

Content Editor

Related News