ਪਾਕਿ ਕਰਤਾਰਪੁਰ ਲਾਂਘਾ ਸਮਝੌਤੇ ਨੂੰ ਜਲਦ ਆਖਰੀ ਰੂਪ ਦੇਣ ਦਾ ਇੱਛੁਕ
Friday, Apr 19, 2019 - 12:27 AM (IST)

ਇਸਲਾਮਾਬਾਦ— ਪਾਕਿਸਤਾਨ ਨੇ ਵੀਰਵਾਰ ਨੂੰ ਕਿਹਾ ਕਿ ਉਹ ਕਰਤਾਰਪੁਰ ਲਾਂਘੇ ਨੂੰ ਖੋਲ੍ਹਣ ਲਈ ਸਮਝੌਤੇ ਨੂੰ ਜਲਦੀ ਆਖਰੀ ਰੂਪ ਦੇਣ ਲਈ ਭਾਰਤ ਦੇ ਨਾਲ ਬੈਠਕ ਕਰਨ ਦਾ ਇੱਛੁਕ ਹੈ। ਇਸ ਤੋਂ ਕੁਝ ਹੀ ਦਿਨ ਪਹਿਲਾਂ ਦੋਵਾਂ ਦੇਸ਼ਾਂ ਨੇ ਪ੍ਰਸਤਾਵ ਦੇ ਤਕਨੀਕੀ ਪਹਿਲੂਆਂ 'ਤੇ ਚਰਚਾ ਦੇ ਲਈ ਬੈਠਕ ਕੀਤੀ ਸੀ।
ਪੰਜਾਬ ਦੇ ਗੁਰਦਾਸਪੁਰ ਜ਼ਿਲੇ 'ਚ ਸਥਿਤ ਡੇਰਾ ਬਾਬਾ ਨਾਨਕ ਤੇ ਪਾਕਿਸਤਾਨ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਨੂੰ ਜੋੜਨ ਲਈ ਕਰਤਾਰਪੁਰ ਲਾਂਘੇ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਵਿਦੇਸ਼ ਦਫਤਰ ਦੇ ਬੁਲਾਰੇ ਮੁਹੰਮਦ ਫੈਸਲ ਨੇ ਕਿਹਾ ਕਿ ਕਰਤਾਰਪੁਰ ਲਾਂਘੇ ਲਈ ਪਾਕਿਸਤਾਨ ਵੱਲ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਸਮੇਂ ਦੀ ਕਮੀ ਨੂੰ ਦੇਖਦੇ ਹੋਏ ਅਸੀਂ ਜਲਦੀ ਤੋਂ ਜਲਦੀ ਮਸੌਦਾ ਸਮਝੌਤੇ ਨੂੰ ਆਖਰੀ ਰੂਪ ਦੇਣ ਲਈ ਬੈਠਕ ਆਯੋਜਿਤ ਕਰਨ ਦੇ ਇੱਛੁਕ ਹਾਂ। ਬੈਠਕ ਵਿਸ਼ੇਸ਼ ਰੂਪ ਨਾਲ ਗਲਿਆਰੇ ਦੇ ਸੰਚਾਲਨ ਲਈ ਦੋਵਾਂ ਦੇਸ਼ਾਂ ਦੇ ਪ੍ਰਸਤਾਵਾਂ ਨਾਲ ਸਬੰਧਿਤ ਮੱਤਭੇਦਾਂ 'ਤੇ ਚਰਚਾ ਕਰਨ ਲਈ ਕੀਤੀ ਗਈ ਸੀ। ਸਾਨੂੰ ਉਮੀਦ ਹੈ ਕਿ ਭਾਰਤ ਜਲਦੀ ਤੋਂ ਜਲਦੀ ਇਕ ਬੈਠਕ ਆਯੋਜਿਤ ਕਰਨ 'ਤੇ ਸਹਿਮਤ ਹੋਵੇਗਾ। ਫੈਸਲ ਨੇ ਕਿਹਾ ਕਿ ਦੋਵੇਂ ਪੱਖ ਜਲਦੀ ਤੋਂ ਜਲਦੀ ਹੜ੍ਹ ਦੇ ਪਾਣੀ ਦੀ ਨਿਕਾਸੀ ਦੇ ਲਈ ਤਕਨੀਕੀ ਡਿਜ਼ਾਇਨ ਤੇ ਮਾਪਦੰਡਾਂ ਨੂੰ ਸਾਂਝਾ ਕਰਨ ਲਈ ਸਹਿਮਤ ਹੋਏ।
ਬੁਲਾਰੇ ਨੇ ਐਲਾਨ ਕੀਤਾ ਕਿ ਇਵੈਕਵੀ ਟਰੱਸਟ ਬੋਰਡ ਪਾਕਿਸਤਾਨ ਬਾਬਾ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ 'ਤੇ ਇਕ ਵਿਸ਼ੇਸ਼ ਸਿੱਕਾ ਤੇ ਡਾਕ ਟਿਕਟ ਸ਼ੁਰੂ ਕਰੇਗਾ। ਦੋਵਾਂ ਦੇਸ਼ਾਂ ਦੇ ਵਿਚਾਲੇ ਤਕਨੀਕੀ ਪੱਧਰ ਦੀ ਬੈਠਕ 16 ਅਪ੍ਰੈਲ ਨੂੰ ਹੋਈ ਸੀ। ਦੂਜੇ ਪਾਸੇ ਨਵੀਂ ਦਿੱਤੀ ਦੇ ਅਧਿਕਾਰੀਆਂ ਨੇ ਦੱਸਿਆ ਕਿ ਪ੍ਰਸਤਾਵਿਤ ਗਲਿਆਰੇ ਦੇ 'ਜ਼ੀਰੋ ਪੁਆਇੰਟ' 'ਤੇ ਅਸਥਾਈ ਰੂਪ ਨਾਲ ਬਣੇ ਟੈਂਟ 'ਚ ਇਹ ਬੈਠਕ ਤਕਰੀਬਨ ਚਾਰ ਘੰਟੇ ਤੱਕ ਚੱਲੀ। ਦੋਵਾਂ ਦੇਸ਼ਾਂ ਦੇ ਮਾਹਰ ਤੇ ਤਕਨੀਸ਼ੀਅਨਾਂ ਨੇ ਪੁਲ ਦੇ ਪੂਰਾ ਹੋਣ ਦੇ ਸਮਾਂ, ਸੜਕਾਂ ਦੀ ਸੁਰੱਖਿਆ ਤੇ ਪ੍ਰਸਤਾਵਿਤ ਕ੍ਰਾਸਿੰਗ ਬਿੰਦੂਆਂ ਦੇ ਇੰਜੀਨੀਅਰਿੰਗ ਪਹਿਲੂ 'ਤੇ ਚਰਚਾ ਕੀਤੀ।