PAK vs ENG: ਮੁਲਤਾਨ ਟੈਸਟ ਤੋਂ ਪਹਿਲਾਂ ਚੱਲੀਆਂ ਗੋਲੀਆਂ, ਇੰਗਲੈਂਡ ਟੀਮ ਦੇ ਸੁਰੱਖਿਆ ਪ੍ਰਬੰਧ ਸੁਰਖੀਆਂ 'ਚ

Thursday, Dec 08, 2022 - 10:59 PM (IST)

PAK vs ENG: ਮੁਲਤਾਨ ਟੈਸਟ ਤੋਂ ਪਹਿਲਾਂ ਚੱਲੀਆਂ ਗੋਲੀਆਂ, ਇੰਗਲੈਂਡ ਟੀਮ ਦੇ ਸੁਰੱਖਿਆ ਪ੍ਰਬੰਧ ਸੁਰਖੀਆਂ 'ਚ

ਸਪੋਰਟਸ ਡੈਸਕ : ਇੰਗਲੈਂਡ ਕ੍ਰਿਕਟ ਟੀਮ ਲੰਬੇ ਸਮੇਂ ਬਾਅਦ ਪਾਕਿਸਤਾਨ ਟੈਸਟ ਸੀਰੀਜ਼ ਖੇਡਣ ਆਈ ਹੈ। ਸੀਰੀਜ਼ ਦਾ ਪਹਿਲਾ ਟੈਸਟ ਜਿੱਤਣ ਤੋਂ ਬਾਅਦ ਇੰਗਲੈਂਡ ਨੂੰ ਹੁਣ ਦੂਜਾ ਟੈਸਟ ਮੁਲਤਾਨ 'ਚ ਖੇਡਣਾ ਹੈ। ਪਰ ਇਸ ਤੋਂ ਪਹਿਲਾਂ ਮੁਲਤਾਨ ਵਿੱਚ ਗੋਲੀਬਾਰੀ ਦੀ ਖ਼ਬਰ ਸਾਹਮਣੇ ਆਈ ਸੀ। ਦੱਸਿਆ ਜਾ ਰਿਹਾ ਹੈ ਕਿ ਜਿਸ ਹੋਟਲ 'ਚ ਇੰਗਲੈਂਡ ਦੀ ਟੀਮ ਠਹਿਰੀ ਹੋਈ ਹੈ, ਉੱਥੇ ਗੋਲੀਆਂ ਚੱਲਣ ਦੀ ਆਵਾਜ਼ ਸੁਣਾਈ ਦਿੱਤੀ। ਇਹ ਦਾਅਵਾ ਕੀਤਾ ਗਿਆ ਸੀ ਕਿ ਹੋਟਲ ਤੋਂ ਲਗਭਗ ਇੱਕ ਕਿਲੋਮੀਟਰ ਦੂਰ ਸਥਾਨਕ ਗਰੋਹਾਂ ਵਿਚਕਾਰ ਗੋਲੀਬਾਰੀ ਹੋਈ ਸੀ। ਇਸ ਮਾਮਲੇ 'ਚ ਪੁਲਸ ਨੇ 4 ਲੋਕਾਂ ਨੂੰ ਗ੍ਰਿਫਤਾਰ ਵੀ ਕੀਤਾ ਹੈ ਜਦਕਿ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਖਬਰ ਨਹੀਂ ਹੈ।

ਏਸ਼ੀਆ ਕੱਪ ਦੀ ਮੇਜ਼ਬਾਨੀ 'ਤੇ ਹੋਵੇਗੀ ਚਰਚਾ 

ਮੰਨਿਆ ਜਾ ਰਿਹਾ ਹੈ ਕਿ ਹੋਟਲ ਦੇ ਬਾਹਰ ਵੱਡੀ ਗਿਣਤੀ 'ਚ ਸੁਰੱਖਿਆ ਕਰਮਚਾਰੀ ਤਾਇਨਾਤ ਹੋਣ ਦੇ ਬਾਵਜੂਦ ਇਸ ਘਟਨਾ ਨਾਲ ਡਰ ਦਾ ਮਾਹੌਲ ਬਣ ਗਿਆ ਹੈ। ਪਾਕਿਸਤਾਨ ਨੇ ਅਗਲੇ ਸਾਲ ਏਸ਼ੀਆ ਕੱਪ ਦੀ ਮੇਜ਼ਬਾਨੀ ਕਰਨੀ ਹੈ। ਭਾਰਤ ਪਹਿਲਾਂ ਹੀ ਪਾਕਿਸਤਾਨ ਵਿੱਚ ਖ਼ਰਾਬ ਹਾਲਾਤ ਦਾ ਹਵਾਲਾ ਦਿੰਦੇ ਹੋਏ ਖੇਡਣ ਤੋਂ ਇਨਕਾਰ ਕਰ ਚੁੱਕਾ ਹੈ। ਇਸ ਦੇ ਨਾਲ ਹੀ ਪਾਕਿਸਤਾਨ ਨੇ ਭਾਰਤ ਆਉਣ ਤੋਂ ਪਿੱਛੇ ਹਟਣ ਦੀ ਧਮਕੀ ਵੀ ਦਿੱਤੀ ਹੈ। ਇਸ ਦੌਰਾਨ ਅਜਿਹੀਆਂ ਘਟਨਾਵਾਂ ਨਾਲ ਇੱਕ ਵਾਰ ਫਿਰ ਪੀ.ਸੀ.ਬੀ ਦੀ ਚਿੰਤਾ ਵਧ ਸਕਦੀ ਹੈ।

ਪਾਕਿਸਤਾਨ ਵਿਸ਼ਵ ਟੈਸਟ ਚੈਂਪੀਅਨਸ਼ਿਪ ਤੋਂ ਹੋ ਚੁੱਕਿਐ ਬਾਹਰ 

ਪਾਕਿਸਤਾਨੀ ਟੀਮ ਦਾ ਪਿਛਲੇ ਦੋ ਸਾਲਾਂ 'ਚ ਟੈਸਟ ਮੈਚਾਂ 'ਚ ਪ੍ਰਦਰਸ਼ਨ ਚੰਗਾ ਨਹੀਂ ਰਿਹਾ ਹੈ। ਉਨ੍ਹਾਂ ਨੂੰ ਅੱਗੇ ਵਧਣ ਲਈ ਇੰਗਲੈਂਡ ਖਿਲਾਫ 2-0 ਨਾਲ ਜਿੱਤ ਦੀ ਲੋੜ ਸੀ। ਪਰ ਬੇਨ ਸਟੋਕਸ ਦੀ ਕਪਤਾਨੀ ਵਾਲੀ ਇੰਗਲੈਂਡ ਨੇ ਰਾਵਲਪਿੰਡੀ ਵਿੱਚ ਖੇਡੇ ਗਏ ਪਹਿਲੇ ਟੈਸਟ ਵਿੱਚ ਪਾਕਿਸਤਾਨ ਨੂੰ ਹਰਾ ਕੇ ਅੱਗੇ ਵਧਣ ਦਾ ਸੁਪਨਾ ਵੀ ਤੋੜ ਦਿੱਤਾ।


author

Mandeep Singh

Content Editor

Related News