ਹਾਫਿਜ਼ ਦੀ ਸਜ਼ਾ 'ਤੇ ਪਾਕਿ ਮੀਡੀਆ ਨੇ ਇਮਰਾਨ ਨੂੰ ਦਿਖਾਇਆ ਸ਼ੀਸ਼ਾ

02/14/2020 10:54:20 PM

ਲਾਹੌਰ (ਏਜੰਸੀ)- ਅੱਤਵਾਦੀ ਸਰਗਨਾ ਹਾਫਿਜ਼ ਸਈਦ ਨੂੰ 11 ਸਾਲ ਦੀ ਸਜ਼ਾ ਦੇ ਐਲਾਨ 'ਤੇ ਪਾਕਿਸਤਾਨੀ ਮੀਡੀਆ ਨੇ ਕਿਹਾ ਹੈ ਕਿ ਸਰਕਾਰ ਅਤੇ ਫੌਜ ਨੂੰ ਹੁਣ ਮਹਿਸੂਸ ਹੋਣ ਲੱਗਾ ਹੈ ਕਿ ਸਈਦ ਵਰਗੇ ਹਿੰਸਕ ਕੱਟੜਪੰਥੀਆਂ ਦਾ ਪੋਸ਼ਣ ਖਤਰਨਾਕ ਹੈ। ਹੁਣ ਸਮਾਂ ਆ ਗਿਆ ਹੈ ਕਿ ਹਾਫਿਜ਼ ਸਈਦ ਵਰਗੇ ਲੋਕਾਂ ਦੀਆਂ ਗਤੀਵਿਧੀਆਂ ਖਤਮ ਹੋਣੀ ਚਾਹੀਦੀ ਹੈ। ਅੱਤਵਾਦੀਆਂ ਨੂੰ ਧਨ ਮੁਹੱਈਆ ਕਰਵਾਉਣ ਲਈ ਹਾਫਿਜ਼ ਸਈਦ ਨੂੰ 11 ਸਾਲ ਦੀ ਸਜ਼ਾ ਦੇ ਐਲਾਨ 'ਤੇ ਕਈ ਅਖਬਾਰਾਂ ਨੇ ਖੁਸ਼ੀ ਜ਼ਾਹਿਰ ਕੀਤੀ ਹੈ। ਲਸ਼ਕਰ-ਏ-ਤੋਇਬਾ ਦਾ ਸੰਸਥਾਪਕ ਸਈਦ 2008 ਵਿਚ ਮੁੰਬਈ 'ਚ ਹੋਏ ਅੱਤਵਾਦੀ ਹਮਲੇ ਦਾ ਮਾਸਟਰਮਾਈਂਡ ਵੀ ਹੈ। ਉਸ ਨੂੰ ਲਾਹੌਰ ਦੀ ਅੱਤਵਾਦ ਰੋਕੂ ਅਦਾਲਤ ਨੇ ਬੁੱਧਵਾਰ ਨੂੰ ਸਜ਼ਾ ਸੁਣਾਈ ਹੈ।

ਸਈਦ ਅਤੇ ਉਸ ਦੇ ਖਾਸ ਸਹਿਯੋਗੀ ਜਫਰ ਇਕਬਾਲ ਦੀ ਸਜ਼ਾ 'ਤੇ ਫੈਸਲਾ ਫਰਾਂਸ ਵਿਚ ਹੋਣ ਵਾਲੀ ਫਾਈਨਾਂਸ਼ੀਅਲ ਐਕਸ਼ਨ ਟਾਸਕ ਫੋਰਸ (ਐਫ.ਏ.ਟੀ.ਐਫ.) ਦੀ ਮੀਟਿੰਗ ਤੋਂ ਚਾਰ ਦਿਨ ਪਹਿਲਾਂ ਆਇਆ ਹੈ। ਮੰਨਿਆ ਜਾ ਰਿਹਾ ਹੈ ਕਿ ਪਾਕਿਸਤਾਨ ਇਸ ਫੈਸਲੇ ਨੂੰ ਨਜ਼ੀਰ ਦੇ ਰੂਪ ਵਿਚ ਪੇਸ਼ ਕਰਕੇ ਖੁਦ ਨੂੰ ਗ੍ਰੇ ਲਿਸਟ ਵਿਚੋਂ ਕੱਢਣ ਦੀ ਮੰਗ ਕਰੇਗਾ। ਅੱਤਵਾਦੀ ਸੰਗਠਨਾਂ ਨੂੰ ਧਨ ਮੁਹੱਈਆ ਕਰਵਾਉਣ ਵਾਲਿਆਂ 'ਤੇ ਪਾਕਿਸਤਾਨ ਵਿਚ ਕੋਈ ਰੋਕ-ਟੋਕ ਨਾ ਹੋਣ ਦੇ ਚੱਲਦੇ ਹੀ ਉਸ ਨੂੰ ਐਫ.ਏ.ਟੀ.ਐਫ. ਨੇ ਗ੍ਰੇ ਲਿਸਟ ਵਿਚ ਪਾਇਆ ਹੈ। ਇਸ ਦੇ ਚੱਲਦੇ ਪਾਕਿਸਤਾਨ ਨੂੰ ਕੌਮਾਂਤਰੀ ਸੰਗਠਨਾਂ ਤੋਂ ਸਹਾਇਤਾ ਮਿਲਣ 'ਚ ਮੁਸ਼ਕਲ ਆ ਰਹੀ ਹੈ। ਪਾਕਿਸਤਾਨ ਦੀ ਖਸਤਾਹਾਲਤ ਅਰਥਵਿਵਸਥਾ ਦੇ ਚੱਲਦੇ ਗ੍ਰੇ ਲਿਸਟ ਵਿਚ ਹੋਣਾ ਉਸ ਦੇ ਲਈ ਹੋਰ ਜ਼ਿਆਦਾ ਮੁਸ਼ਕਲ ਪੈਦਾ ਕਰ ਰਿਹਾ ਹੈ।

ਪਾਕਿਸਤਾਨ ਦੇ ਪ੍ਰਮੁੱਖ ਅਖਬਾਰ ਡਾਨ ਨੇ ਸ਼ੁੱਕਰਵਾਰ ਦੇ ਆਪਣੇ ਸੰਪਾਦਕੀ ਵਿਚ ਲਿਖਿਆ ਹੈ ਕਿ ਸਈਦ ਦੀ ਸਜ਼ਾ ਦਾ ਐਲਾਨ ਅੱਤਵਾਦੀ ਢਾਂਚੇ ਨੂੰ ਖਤਮ ਕਰਨ ਦੀ ਦਿਸ਼ਾ ਵਿਚ ਪਾਕਿਸਤਾਨ ਸਰਕਾਰ ਦਾ ਵੱਡਾ ਕਦਮ ਹੈ। ਇਸ ਫੈਸਲੇ ਤੋਂ ਲੱਗਦਾ ਹੈ ਕਿ ਸਰਕਾਰ ਅਤੇ ਫੌਜ ਨੂੰ ਹੁਣ ਮਹਿਸੂਸ ਹੋਣ ਲੱਗਾ ਹੈ ਕਿ ਹਿੰਸਕ ਤੱਤਾਂ ਦਾ ਪੋਸ਼ਣ ਖਤਰਨਾਕ ਨੀਤੀ ਹੈ। ਜੰਗ ਤੋਂ ਕੁਝ ਨਹੀਂ ਮਿਲਿਆ, ਉਲਟੇ ਪਾਕਿਸਤਾਨ ਲਈ ਮੁਸ਼ਕਲਾਂ ਹੀ ਖੜ੍ਹੀਆਂ ਹੁੰਦੀਆਂ ਹਨ। ਸਈਦ ਸੰਯੁਕਤ ਰਾਸ਼ਟਰ ਦਾ ਐਲਾਨਿਆ ਅੱਤਵਾਦੀ ਹੈ। ਅਖਬਾਰ ਨੇ ਲਿਖਿਆ ਹੈ ਕਿ ਲਸ਼ਕਰ ਏ ਤੋਇਬਾ ਅਤੇ ਜਮਾਤ ਉਦ ਦਾਅਵਾ ਵਰਗੇ ਸੰਗਠਨਾਂ ਨੇ ਦੇਸ਼ ਅੰਦਰ ਵੀ ਅਸਥਿਰਤਾ ਫੈਲਾਈ ਹੈ। ਦੋਹਾਂ ਸੰਗਠਨਾਂ ਦੇ ਅਫਗਾਨ ਤਾਲਿਬਾਨ ਅਤੇ ਅਲ ਕਾਇਦਾ ਨਾਲ ਵੀ ਰਿਸ਼ਤੇ ਪਾਏ ਗਏ ਹਨ। ਪੰਜਾਬੀ ਤਾਲਿਬਾਨ ਨਾਲ ਵੀ ਇਹ ਜੁੜੇ ਹੋਏ ਹਨ। ਇਸ ਲਈ ਹਾਫਿਜ਼ ਸਈਦ ਨੂੰ ਜੇਲ ਭੇਜਣ ਦੇ ਫੈਸਲੇ ਦਾ ਸਵਾਗਤ ਹੋਣਾ ਚਾਹੀਦਾ ਹੈ।


Sunny Mehra

Content Editor

Related News