ਪਾਕਿ ਸਾਹਮਣੇ ਕਸ਼ਮੀਰ ਨੂੰ ਸੰਯੁਕਤ ਰਾਸ਼ਟਰ ਦੇ ਏਜੰਡੇ ਦੇ ਕੇਂਦਰ ''ਚ ਲਿਆਉਣ ਦਾ ਕੰਮ ਮੁਸ਼ਕਲ: ਜ਼ਰਦਾਰੀ

Saturday, Mar 11, 2023 - 02:25 PM (IST)

ਪਾਕਿ ਸਾਹਮਣੇ ਕਸ਼ਮੀਰ ਨੂੰ ਸੰਯੁਕਤ ਰਾਸ਼ਟਰ ਦੇ ਏਜੰਡੇ ਦੇ ਕੇਂਦਰ ''ਚ ਲਿਆਉਣ ਦਾ ਕੰਮ ਮੁਸ਼ਕਲ: ਜ਼ਰਦਾਰੀ

ਸੰਯੁਕਤ ਰਾਸ਼ਟਰ (ਭਾਸ਼ਾ)- ਪਾਕਿਸਤਾਨ ਦੇ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਜ਼ਰਦਾਰੀ ਨੇ ਮੰਨਿਆ ਹੈ ਕਿ ਉਨ੍ਹਾਂ ਦੇ ਦੇਸ਼ ਦੇ ਸਾਹਮਣੇ ਕਸ਼ਮੀਰ ਮੁੱਦੇ ਨੂੰ ਸੰਯੁਕਤ ਰਾਸ਼ਟਰ ਦੇ ਏਜੰਡੇ ਦੇ ਕੇਂਦਰ ਵਿੱਚ ਲਿਆਉਣਾ ਇੱਕ "ਮੁਸ਼ਕਲ ਕੰਮ" ਹੈ। ਭਾਰਤ ਦਾ ਜ਼ਿਕਰ ਕਰਦਿਆਂ, ਜ਼ਰਦਾਰੀ ਦੀ ਜ਼ੁਬਾਨ ਲੜਖੜਾਈ ਅਤੇ ਉਨ੍ਹਾਂ ਨੇ 'ਗੁਆਂਢੀ' ਸ਼ਬਦ ਦੀ ਵਰਤੋਂ ਕਰਨ ਤੋਂ ਪਹਿਲਾਂ ਉਸ ਲਈ 'ਸਾਡੇ ਦੋਸਤ' ਸ਼ਬਦ ਦੀ ਵਰਤੋਂ ਕੀਤੀ। ਜ਼ਰਦਾਰੀ ਨੇ ਫਲਸਤੀਨ ਅਤੇ ਕਸ਼ਮੀਰ 'ਚ ਸਥਿਤੀ ਨੂੰ ਇਕੋ ਜਿਹੀ ਦੱਸੇ ਜਾਣ ਵਾਲੇ ਇਕ ਪ੍ਰਸ਼ਨ ਦੇ ਜਵਾਬ ਵਿਚ ਸ਼ੁੱਕਰਵਾਰ ਨੂੰ ਇੱਥੇ ਇਕ ਪ੍ਰੈੱਸ ਕਾਨਫਰੰਸ 'ਚ ਕਿਹਾ, ''ਤੁਸੀਂ ਇਹ ਠੀਕ ਕਿਹਾ ਹੈ ਕਿ ਸਾਡੇ ਸਾਹਮਣੇ ਕਸ਼ਮੀਰ ਨੂੰ ਸੰਯੁਕਤ ਰਾਸ਼ਟਰ ਦੇ ਏਜੰਡੇ ਦੇ ਕੇਂਦਰ 'ਚ ਲਿਆਉਣ ਦਾ ਵਿਸ਼ੇਸ਼ ਰੂਪ ਨਾਲ ਮੁਸ਼ਕਲ ਕੰਮ ਹੈ।''

ਪਾਕਿਸਤਾਨ ਸੰਯੁਕਤ ਰਾਸ਼ਟਰ ਦੇ ਹਰ ਮੰਚ 'ਤੇ ਜੰਮੂ-ਕਸ਼ਮੀਰ ਦਾ ਮੁੱਦਾ ਉਠਾਉਂਦਾ ਹੈ, ਭਾਵੇਂ ਕਿਸੇ ਵੀ ਵਿਸ਼ੇ ਜਾਂ ਏਜੰਡੇ 'ਤੇ ਚਰਚਾ ਕੀਤੀ ਜਾ ਰਹੀ ਹੋਵੇ। ਹਾਲਾਂਕਿ, ਉਹ ਇਸ ਮਾਮਲੇ ਵਿੱਚ ਸੰਯੁਕਤ ਰਾਸ਼ਟਰ ਦੇ ਮੈਂਬਰਾਂ ਤੋਂ ਵਿਆਪਕ ਸਮਰਥਨ ਹਾਸਲ ਕਰਨ ਵਿੱਚ ਅਸਫ਼ਲ ਰਿਹਾ ਹੈ। ਜ਼ਿਆਦਾਤਰ ਦੇਸ਼ ਕਸ਼ਮੀਰ ਨੂੰ ਭਾਰਤ ਅਤੇ ਪਾਕਿਸਤਾਨ ਦਰਮਿਆਨ ਦੁਵੱਲਾ ਮਾਮਲਾ ਮੰਨਦੇ ਹਨ। 34 ਸਾਲਾ ਵਿਦੇਸ਼ ਮੰਤਰੀ ਨੇ ਕਿਹਾ, ''ਅਤੇ ਜਦੋਂ ਵੀ ਕਸ਼ਮੀਰ ਦਾ ਮੁੱਦਾ ਉਠਾਇਆ ਜਾਂਦਾ ਹੈ, ਤਾਂ ਸਾਡੇ ਦੋਸਤ, ਸਾਡੇ... ਸਾਡੇ... ਗੁਆਂਢੀ ਦੇਸ਼ ਜ਼ੋਰਦਾਰ ਅਤੇ ਉੱਚੀ ਆਵਾਜ਼ 'ਚ ਵਿਰੋਧ ਕਰਦੇ ਹਨ ਅਤੇ ਅਸਲੀਅਤ ਤੋਂ ਪਰੇ ਆਪਣੇ ਬਿਆਨ 'ਤੇ ਕਾਇਮ ਰਹਿੰਦੇ ਹਨ ਅਤੇ ਦਾਅਵਾ ਕਰਦੇ ਹਨ ਕਿ ਇਹ ਸੰਯੁਕਤ ਰਾਸ਼ਟਰ ਦਾ ਵਿਵਾਦ ਨਹੀਂ ਹੈ ਅਤੇ ਇਹ ਵਿਵਾਦਿਤ ਖੇਤਰ ਨਹੀਂ ਹੈ।

5 ਅਗਸਤ, 2019 ਨੂੰ ਭਾਰਤ ਨੇ ਜੰਮੂ-ਕਸ਼ਮੀਰ ਦੇ ਵਿਸ਼ੇਸ਼ ਦਰਜੇ ਨੂੰ ਖਤਮ ਕਰਨ ਲਈ ਸੰਵਿਧਾਨ ਦੀ ਧਾਰਾ 370 ਨੂੰ ਰੱਦ ਕਰ ਦਿੱਤਾ ਸੀ। ਇਸ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਾਲੇ ਤਣਾਅ ਹੋਰ ਵਧ ਗਿਆ ਹੈ। ਭਾਰਤ ਨੇ ਅੰਤਰਰਾਸ਼ਟਰੀ ਭਾਈਚਾਰੇ ਨੂੰ ਸਪੱਸ਼ਟ ਤੌਰ 'ਤੇ ਕਿਹਾ ਹੈ ਕਿ ਧਾਰਾ 370 ਨੂੰ ਖਤਮ ਕਰਨਾ ਉਸ ਦਾ ਅੰਦਰੂਨੀ ਮਾਮਲਾ ਹੈ। ਉਨ੍ਹਾਂ ਪਾਕਿਸਤਾਨ ਨੂੰ ਹਕੀਕਤ ਨੂੰ ਸਵੀਕਾਰ ਕਰਨ ਅਤੇ ਭਾਰਤ ਵਿਰੋਧੀ ਹਰ ਤਰ੍ਹਾਂ ਦਾ ਪ੍ਰਚਾਰ ਬੰਦ ਕਰਨ ਦੀ ਸਲਾਹ ਵੀ ਦਿੱਤੀ ਹੈ। ਜ਼ਰਦਾਰੀ ਨੇ ਕਿਹਾ, "ਸਾਡੇ ਲਈ ਸੱਚਾਈ ਸਾਹਮਣੇ ਲਿਆਉਣਾ ਮੁਸ਼ਕਲ ਹੈ, ਪਰ ਅਸੀਂ ਲਗਾਤਾਰ ਕੋਸ਼ਿਸ਼ ਕਰ ਰਹੇ ਹਾਂ।"


author

cherry

Content Editor

Related News