ਪਾਕਿਸਤਾਨੀ ਡਾਕਟਰਾਂ ਨੇ ਅਦਿਆਲਾ ਜੇਲ੍ਹ ''ਚ ਸਾਬਕਾ PM ਇਮਰਾਨ ਖਾਨ ਦੀ ਕੀਤੀ ਜਾਂਚ
Tuesday, Mar 04, 2025 - 02:19 PM (IST)

ਇਸਲਾਮਾਬਾਦ (ਏਜੰਸੀ)- ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਸਿਹਤ ਬਾਰੇ ਰਿਪੋਰਟਾਂ ਸਾਹਮਣੇ ਆਉਣ ਤੋਂ ਬਾਅਦ, ਪਾਕਿਸਤਾਨੀ ਡਾਕਟਰਾਂ ਦੀ ਇੱਕ ਟੀਮ ਨੇ ਅਦਿਆਲਾ ਜੇਲ੍ਹ ਵਿੱਚ ਉਨ੍ਹਾਂ ਦੀ ਡਾਕਟਰੀ ਜਾਂਚ ਕੀਤੀ। ਇਹ ਜਾਣਕਾਰੀ ਮੀਡੀਆ ਵਿੱਚ ਪ੍ਰਕਾਸ਼ਿਤ ਖ਼ਬਰਾਂ ਵਿੱਚ ਦਿੱਤੀ ਗਈ ਹੈ। ਖਾਨ ਅਗਸਤ 2023 ਤੋਂ ਜੇਲ੍ਹ ਵਿੱਚ ਹਨ ਅਤੇ ਉਨ੍ਹਾਂ ਦੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ (ਪੀਟੀਆਈ) ਨੇ ਉਨ੍ਹਾਂ ਦੀ ਸਿਹਤ ਨੂੰ ਲੈ ਕੇ ਚਿੰਤਾਵਾਂ ਜ਼ਾਹਰ ਕੀਤੀਆਂ ਸਨ। 'ਡਾਨ' ਅਖਬਾਰ ਦੀ ਰਿਪੋਰਟ ਅਨੁਸਾਰ, ਪਾਕਿਸਤਾਨ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (ਪੀਆਈਐਮਐਸ) ਦੀ ਇੱਕ ਟੀਮ ਨੇ ਸੋਮਵਾਰ ਨੂੰ ਸਾਬਕਾ ਪ੍ਰਧਾਨ ਮੰਤਰੀ ਦੀ ਡਾਕਟਰੀ ਜਾਂਚ ਕਰਨ ਲਈ ਅਦਿਆਲਾ ਜੇਲ੍ਹ ਦਾ ਦੌਰਾ ਕੀਤਾ।
ਚਾਰ ਮੈਂਬਰੀ ਟੀਮ ਦੀ ਅਗਵਾਈ ਈਐੱਨਟੀ ਮਾਹਰ ਡਾ: ਅਲਤਾਫ ਹੁਸੈਨ ਕਰ ਰਹੇ ਸਨ, ਜਦੋਂ ਕਿ ਟੀਮ ਦੇ ਹੋਰ ਮੈਂਬਰਾਂ ਵਿੱਚ ਹਸਪਤਾਲ ਦੇ ਦੰਦਾਂ ਦੇ ਵਿਭਾਗ ਤੋਂ ਡਾ: ਉਮਰ ਫਾਰੂਕ, ਜਨਰਲ ਮੈਡੀਸਨ ਤੋਂ ਡਾ: ਮੁਹੰਮਦ ਅਲੀ ਆਰਿਫ਼ ਅਤੇ ਜਨਰਲ ਸਰਜਰੀ ਤੋਂ ਡਾ: ਤਸ਼ਫੀਨ ਇਮਤਿਆਜ਼ ਸ਼ਾਮਲ ਸਨ। ਇਹ ਜਾਂਚ 30 ਮਿੰਟਾਂ ਤੱਕ ਕੀਤੀ ਗਈ। ਇਹ ਜਾਂਚ ਪੀਟੀਆਈ ਵੱਲੋਂ ਹਾਲ ਹੀ ਵਿੱਚ ਲਗਾਏ ਗਏ ਦੋਸ਼ਾਂ ਤੋਂ ਬਾਅਦ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਪਾਰਟੀ ਦੇ ਸੂਚਨਾ ਸਕੱਤਰ ਸ਼ੇਖ ਵਕਾਰ ਅਕਰਮ ਨੇ ਦਾਅਵਾ ਕੀਤਾ ਹੈ ਕਿ ਸਰਕਾਰ ਨੇ ਇਮਰਾਨ ਖਾਨ ਨੂੰ ਇਕਾਂਤਵਾਸ ਵਿੱਚ ਰੱਖਿਆ ਹੋਇਆ ਹੈ। ਇੱਕ ਹੋਰ ਪੀਟੀਆਈ ਨੇਤਾ ਨੇ ਦਾਅਵਾ ਕੀਤਾ ਸੀ ਕਿ ਖਾਨ ਨੂੰ ਆਪਣੀਆਂ ਭੈਣਾਂ ਜਾਂ ਹੋਰ ਰਿਸ਼ਤੇਦਾਰਾਂ ਨੂੰ ਮਿਲਣ ਦੀ ਵੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ। ਪੀਟੀਆਈ ਦੇ ਇੱਕ ਨੇਤਾ ਨੇ ਕਿਹਾ ਕਿ ਖਾਨ ਦੇ ਪਰਿਵਾਰਕ ਡਾਕਟਰ ਨੂੰ ਉਨ੍ਹਾਂ ਨੂੰ ਮਿਲਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ, ਜਿਸ ਨਾਲ ਉਨ੍ਹਾਂ ਦੀ ਸਿਹਤ ਬਾਰੇ ਚਿੰਤਾਵਾਂ ਵਧ ਰਹੀਆਂ ਹਨ।
ਉਨ੍ਹਾਂ ਦੀ ਸਿਹਤ ਸਥਿਤੀ ਬਾਰੇ ਡਾਕਟਰਾਂ ਦੀ ਰਿਪੋਰਟ ਤੁਰੰਤ ਜਾਰੀ ਨਹੀਂ ਕੀਤੀ ਗਈ। 'ਡਾਨ' ਨੇ ਇਹ ਵੀ ਰਿਪੋਰਟ ਦਿੱਤੀ ਕਿ ਇਸਲਾਮਾਬਾਦ ਵਿੱਚ ਇਹ ਕਿਆਸ ਲਗਾਏ ਜਾ ਰਹੇ ਸਨ ਕਿ ਸਾਬਕਾ ਪ੍ਰਧਾਨ ਮੰਤਰੀ ਨੂੰ ਕਿਸੇ ਹੋਰ ਥਾਂ 'ਤੇ ਤਬਦੀਲ ਕੀਤਾ ਜਾ ਸਕਦਾ ਹੈ। ਹਾਲਾਂਕਿ, ਅਜਿਹੇ ਕਿਸੇ ਵੀ ਦਾਅਵੇ ਬਾਰੇ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ। ਖੈਬਰ ਪਖਤੂਨਖਵਾ ਦੇ ਮੁੱਖ ਮੰਤਰੀ ਅਲੀ ਅਮੀਨ ਗੰਡਾਪੁਰ ਨੇ ਪਿਛਲੇ ਮਹੀਨੇ ਕਿਹਾ ਸੀ ਕਿ ਖਾਨ ਨੂੰ "ਜਲਦੀ ਹੀ ਕਿਤੇ ਹੋਰ ਤਬਦੀਲ" ਕਰ ਦਿੱਤਾ ਜਾਵੇਗਾ। ਹਾਲਾਂਕਿ, ਉਨ੍ਹਾਂ ਨੂੰ ਤਬਦੀਲ ਕਰਨ ਦੀ ਯੋਜਨਾ ਬਾਰੇ ਕੋਈ ਅਧਿਕਾਰਤ ਬਿਆਨ ਨਹੀਂ ਆਇਆ।