ਪਾਕਿ 'ਚ ਸਿੱਖ ਲੜਕੀ ਦੇ ਜ਼ਬਰਨ ਧਰਮ ਬਦਲਣ-ਵਿਆਹ ਮਾਮਲੇ 'ਚ ਗੋਪਾਲ ਸਿੰਘ ਦਾ ਚਿਹਰਾ ਬੇਨਕਾਬ

Thursday, Aug 13, 2020 - 03:18 PM (IST)

ਪਾਕਿ 'ਚ ਸਿੱਖ ਲੜਕੀ ਦੇ ਜ਼ਬਰਨ ਧਰਮ ਬਦਲਣ-ਵਿਆਹ ਮਾਮਲੇ 'ਚ ਗੋਪਾਲ ਸਿੰਘ ਦਾ ਚਿਹਰਾ ਬੇਨਕਾਬ

ਲਾਹੌਰ (ਭਾਸ਼ਾ)- ਪਾਕਿਸਤਾਨ 'ਚ ਇਕ ਸਾਲ ਪਹਿਲਾਂ ਸਿੱਖ ਗ੍ਰੰਥੀ ਦੀ ਕੁੜੀ ਜਗਜੀਤ ਕੌਰ ਦੇ 'ਅਗਵਾ ਅਤੇ ਜ਼ਬਰਨ ਧਰਮ ਬਦਲਣ' ਦੇ ਬਹੁ-ਚਰਚਿਤ ਮਾਮਲੇ 'ਚ ਪਾਕਿ ਅਦਾਲਤ ਨੇ ਦੋਹਾਂ ਪੱਖਾਂ ਦਰਮਿਆਨ ਸਮਝੌਤਾ ਕਰਵਾ ਦਿੱਤਾ ਹੈ। ਇਸ ਸਮਝੌਤੇ ਦਾ ਇਕ ਵੀਡੀਓ ਵੀ ਸ਼ੇਅਰ ਕੀਤਾ ਗਿਆ ਹੈ, ਜਿਸ 'ਚ ਜਗਜੀਤ ਕੌਰ ਦੇ ਭਰਾ ਅਤੇ ਪਿਤਾ ਤੋਂ ਇਲਾਵਾ ਜਗਜੀਤ ਦਾ ਮੁਸਲਿਮ ਪਤੀ ਅਤੇ ਉਸ ਦੇ ਰਿਸ਼ਤੇਦਾਰ ਵੀ ਦਿਖਾਈ ਦੇ ਰਹੇ ਹਨ। ਖਾਸ ਗੱਲ ਇਹ ਹੈ ਕਿ ਇਸ ਵੀਡੀਓ 'ਚ ਭਾਰਤ ਦਾ ਕੱਟੜ ਵਿਰੋਧੀ ਖਾਲਿਸਤਾਨ ਸਮਰਥਕ ਗੋਪਾਲ ਸਿੰਘ ਚਾਵਲਾ ਵਿਚੋਲੇ ਦੀ ਭੂਮਿਕਾ 'ਚ ਦਿੱਸ ਰਿਹਾ ਹੈ, ਜਿਸ ਨਾਲ ਉਸ ਦਾ ਚਿਹਰਾ ਬੇਨਕਾਬ ਹੋ ਗਿਆ ਹੈ। ਦਾਰ-ਉਲ-ਅਮਨ 'ਚ ਲਗਭਗ ਇਕ ਸਾਲ ਬਿਤਾਉਣ ਤੋਂ ਬਾਅਦ ਜਗਜੀਤ ਕੌਰ ਉਰਫ਼ ਆਇਸ਼ਾ ਬੀਬੀ ਨੂੰ ਆਪਣੇ ਮੁਸਲਿਮ ਪਤੀ ਮੁਹੰਮਦ ਹਸਨ ਨਾਲ ਜਾਣ ਦੀ ਲਾਹੌਰ ਹਾਈ ਕੋਰਟ ਨੇ ਮਨਜ਼ੂਰੀ ਦਿੱਤੀ ਹੈ।

ਜਗਜੀਤ ਕੌਰ ਦੇ ਭਰਾ ਮਨਮੋਹਨ ਸਿੰਘ ਨੇ 29 ਅਗਸਤ 2019 ਨੂੰ ਆਪਣੇ ਭੈਣ ਦੇ 'ਅਗਵਾ ਅਤੇ ਜ਼ਬਰਨ ਉਸ ਦਾ ਧਰਮ ਬਦਲਣ ਕਰ ਕੇ ਮੁਸਲਿਮ ਬਣਾਉਣ' ਦੀ ਐੱਫ.ਆਈ.ਆਰ. ਦਰਜ ਕਰਵਾਈ ਸੀ। ਪੁਲਸ ਨੇ ਦੋਸ਼ਾਂ ਨੂੰ ਝੂਠਾ ਦੱਸ ਕੇ ਐੱਫ.ਆਈ.ਆਰ. ਹੀ ਰੱਦ ਕਰ ਦਿੱਤੀ। ਜਗਜੀਤ ਦੇ ਭਰਾ ਮਨਮੋਹਨ ਸਿੰਘ ਨੇ ਐੱਫ.ਆਈ.ਆਰ. 'ਚ ਦਾਅਵਾ ਕੀਤਾ ਸੀ ਕਿ ਉਨ੍ਹਾਂ ਦੀ ਭੈਣ ਨੂੰ ਲੋਕਾਂ ਦੇ ਇਕ ਸਮੂਹ ਨੇ ਬੰਦੂਕ ਦੇ ਦਮ 'ਤੇ ਅਗਵਾ ਕਰ ਲਿਆ। ਉਸ ਦਾ ਜ਼ਬਰਨ ਧਰਮ ਬਦਲਦੇ ਹੋਏ ਮੁਹੰਮਦ ਹਸਨ ਨਾਲ ਵਿਆਹ ਕਰਵਾ ਦਿੱਤਾ ਗਿਆ। ਇਸ ਤੋਂ ਬਾਅਦ ਪੁਲਸ ਨੇ ਹਸਨ ਦੇ ਕਈ ਪਰਿਵਾਰ ਵਾਲਿਆਂ ਅਤੇ ਦੋਸਤਾਂ ਨੂੰ ਹਿਰਾਸਤ 'ਚ ਲਿਆ ਸੀ।

ਹਸਨ ਦੇ ਵਕੀਲ ਨੇ ਕਿਹਾ ਸੀ ਕਿ ਹਸਨ ਨੇ ਕੋਰਟ ਨੂੰ ਦੱਸਿਆ ਕਿ ਨਾ ਸਿਰਫ਼ ਸਿੱਖ ਭਾਈਚਾਰੇ ਦੇ ਲੋਕ ਸਗੋਂ ਸਥਾਨਕ ਪੁਲਸ ਵੀ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪਰਿਵਾਰ ਦਾ ਤੰਗ-ਪਰੇਸ਼ਾਨ ਕਰ ਰਹੀ ਹੈ। ਉਨ੍ਹਾਂ ਨੇ ਆਪਣੀ ਪਤਨੀ ਨੂੰ ਦਾਰ-ਉਲ-ਅਮਨ ਤੋਂ ਜਲਦ ਰਿਹਾਈ ਦੀ ਵੀ ਮੰਗ ਕੀਤੀ, ਜਿੱਥੇ ਉਨ੍ਹਾਂ ਨੂੰ 29 ਅਗਸਤ ਨੂੰ ਵਿਆਹ ਦੇ ਬਾਅਦ ਤੋਂ ਹੀ ਰੱਖਿਆ ਗਿਆ ਹੈ। ਇਸ ਮਾਮਲੇ 'ਚ ਨਨਕਾਣਾ ਸਾਹਿਬ ਪੁਲਸ ਨੇ ਪਹਿਲੇ ਦਾਅਵਾ ਕੀਤਾ ਸੀ ਕਿ ਕੁੜੀ ਆਪਣੇ ਮਾਤਾ-ਪਿਤਾ ਦੇ ਘਰ ਆ ਚੁਕੀ ਹੈ, ਹਾਲਾਂਕਿ ਇਹ ਦਾਅਵਾ ਝੂਠਾ ਸਾਬਤ ਹੋਇਆ। ਕੁੜੀ ਦੇ ਭਰਾ ਨੇ ਕਿਹਾ ਸੀ ਕਿ ਉਸ ਦੀ ਭੈਣ ਘਰ ਨਹੀਂ ਆਈ ਹੈ। ਇਹ ਮਾਮਲਾ ਪਾਕਿਸਤਾਨ 'ਚ ਘੱਟ ਗਿਣਤੀਆਂ 'ਤੇ ਅੱਤਿਆਚਾਰ, ਕੁੜੀਆਂ ਇੱਥੇ ਤੱਕ ਕਿ ਨਾਬਾਲਗਾਂ ਦੇ ਜ਼ਬਰਨ ਧਰਮ ਬਦਲਣ ਅਤੇ ਨਿਕਾਹ ਦਾ ਇਕ ਹੋਰ ਉਦਾਹਰਣ ਹੈ। ਉੱਥੇ ਹੀ ਵੱਖ-ਵੱਖ ਸਿੱਖ ਸੰਗਠਨਾਂ ਨੇ ਕੋਰਟ ਦੇ ਇਸ ਫੈਸਲੇ ਦਾ ਵਿਰੋਧ ਕਰਦੇ ਹੋਏ ਕਿਹਾ ਕਿ ਇਹ ਦਿਨ ਬਲੈਕ-ਡੇਅ ਦੇ ਰੂਪ 'ਚ ਜਾਣਿਆ ਜਾਵੇਗਾ।

ਕੌਣ ਹੈ ਗੋਪਾਲ ਸਿੰਘ
ਗੋਪਾਲ ਸਿੰਘ ਚਾਵਲਾ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਨਰਲ ਸਕੱਤਰ ਹੈ। ਉਸ ਨੂੰ 26/11 ਮੁੰਬਈ ਹਮਲੇ ਦੇ ਮਾਸਟਰਮਾਇੰਡ ਹਾਫਿਜ਼ ਸਈਅਦ ਦਾ ਕਰੀਬੀ ਮੰਨਿਆ ਜਾਂਦਾ ਹੈ। 21 ਅਤੇ 22 ਨਵੰਬਰ ਨੂੰ ਭਾਰਤੀ ਹਾਈ ਕਮਿਸ਼ਨ ਦੇ ਡਿਪਲੋਮੈਟਿਕ ਅਧਿਕਾਰੀਆਂ ਨਾਲ ਗੁਰਦੁਆਰਾ ਨਨਕਾਣਾ ਸਾਹਿਬ ਅਤੇ ਗੁਰਦੁਆਰਾ ਸੱਚਾ ਸੌਦਾ 'ਚ ਹੋਈ ਬਦਸਲੂਕੀ 'ਚ ਵੀ ਚਾਵਲਾ ਦਾ ਨਾਂ ਸਾਹਮਣੇ ਆਇਆ ਸੀ। ਜਾਂਚ ਏਜੰਸੀਆਂ ਦੀ ਇਕ ਬੈਠਕ 'ਚ ਪਾਕਿਸਤਾਨ 'ਚ ਮੌਜੂਦ ਖਾਲਿਸਤਾਨ ਸਮਰਥਕ ਅੱਤਵਾਦੀ ਗੋਪਾਲ ਸਿੰਘ ਚਾਵਲਾ ਨੂੰ ਲੈ ਕੇ ਕਈ ਸੂਚਨਾਵਾਂ ਸਾਂਝੀਆਂ ਕੀਤੀਆਂ ਗਈਆਂ ਹਨ। ਇਸ 'ਚ ਕਿਹਾ ਗਿਆ ਕਿ ਚਾਵਲਾ ਪਾਕਿਸਤਾਨੀ ਖੁਫੀਆ ਏਜੰਸੀ ਆਈ.ਐੱਸ.ਆਈ. ਅਤੇ ਲਸ਼ਕਰ-ਏ-ਤੋਇਬਾ ਚੀਫ਼ ਹਾਫਿਜ਼ ਸਈਅਦ ਨਾਲ ਮਿਲ ਕੇ ਪੰਜਾਬ 'ਚ ਅੱਤਵਾਦ ਫੈਲਾਉਣ ਦੀ ਸਾਜਿਸ਼ ਰਚ ਰਿਹਾ ਹੈ।


author

Vandana

Content Editor

Related News