ਪਾਕਿ ਅਦਾਲਤ ਨੇ ਹਿੰਦੂ ਵਿਧਾਇਕ ਨੂੰ ਸਹੁੰ ਚੁਕਾਉਣ ਦਾ ਦਿੱਤਾ ਹੁਕਮ

04/06/2018 8:44:45 PM

ਪੇਸ਼ਾਵਰ (ਏਜੰਸੀ)- ਪਾਕਿਸਤਾਨ ਦੀ ਅਦਾਲਤ ਨੇ ਖੈਬਰ ਪਖਤੂਨਖਵਾ ਵਿਧਾਨ ਸਭਾ ਦੇ ਪ੍ਰਧਾਨ ਨੂੰ ਜੇਲ ਵਿਚ ਬੰਦ ਹਿੰਦੂ ਵਿਧਾਇਕ ਲਈ ਨਵਾਂ ਪੇਸ਼ੀ ਆਦੇਸ਼ ਜਾਰੀ ਕਰਨ ਦਾ ਹੁਕਮ ਦਿੱਤਾ ਹੈ। ਇਹ ਪੇਸ਼ੀ ਹੁਕਮ 13 ਅਪ੍ਰੈਲ ਤੋਂ ਸ਼ੁਰੂ ਹੋਣ ਜਾ ਰਹੇ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਵਿਧਾਇਕ ਨੂੰ ਸਹੁੰ ਦਿਵਾਉਣ ਲਈ ਜਾਰੀ ਕੀਤਾ ਜਾਵੇਗਾ। ਸੂਬਾ ਵਿਧਾਨ ਸਭਾ ਦੇ ਮੈਂਬਰ ਬਲਦੇਵ ਕੁਮਾਰ ਸਿੱਖ ਵਿਧਾਇਕ ਸਰਦਾਰ ਸੋਰਨ ਸਿੰਘ ਦੇ ਕਤਲ ਮਾਮਲੇ ਵਿਚ ਜੇਲ ਵਿਚ ਬੰਦ ਹਨ। ਉਨ੍ਹਾਂ ਨੇ ਪੇਸ਼ਾਵਰ ਹਾਈ ਕੋਰਟ ਵਿਚ ਵਿਧਾਨ ਸਭਾ ਪ੍ਰਧਾਨ, ਸੱਤਾ ਧਿਰ ਅਤੇ ਵਿਰੋਧੀ ਧਿਰ ਦੇ ਮੈਂਬਰਾਂ ਖਿਲਾਫ ਪਟੀਸ਼ਨ ਦਾਇਰ ਕੀਤੀ ਹੈ। ਵਿਧਾਨ ਸਭਾ ਮੈਂਬਰ ਦੇ ਰੂਪ ਵਿਚ ਸਹੁੰ ਦਿਵਾਉਣ ਵਿਚ ਦੇਰੀ ਨੂੰ ਲੈ ਕੇ ਹਿੰਦੂ ਵਿਧਾਇਕ ਨੇ ਸੂਬਾ ਸਰਕਾਰ ਨੂੰ ਵੀ ਡਿਫੈਂਡੇਂਟ ਬਣਾਇਆ ਹੈ।
ਜਸਟਿਸ ਕਲੰਦਰ ਅਲੀ ਖਾਨ ਅਤੇ ਜਸਟਿਸ ਮੁਹੰਮਦ ਅਯੂਬ ਖਾਨ ਦੀ ਪੇਸ਼ਾਵਰ ਹਾਈ ਕੋਰਟ ਦੀ ਬੈਂਚ ਨੇ ਖੈਬਰ ਪਖਤੂਨਖਵਾ ਵਿਧਾਨ ਸਭਾ ਪ੍ਰਧਾਨ ਅਸਦ ਕੈਸਰ ਨੂੰ ਕਿਹਾ ਹੈ ਕਿ ਕੁਮਾਰ ਦੇ ਸਹੁੰ ਚੁੱਕਣ ਲਈ ਸੈਸ਼ਨ ਦਾ ਵਾਤਾਵਰਣ ਹਾਂ ਪੱਖੀ ਰਹਿਣਾ ਚਾਹੀਦਾ ਹੈ। ਵਿਧਾਨ ਸਭਾ ਪ੍ਰਧਾਨ ਨੇ ਫਰਵਰੀ ਦੇ ਸੈਸ਼ਨ ਦੌਰਾਨ ਹਿੱਸਾ ਲੈਣ ਲਈ ਕੁਮਾਰ ਨੂੰ ਪੇਸ਼ ਕਰਨ ਦਾ ਹੁਕਮ ਜਾਰੀ ਕੀਤਾ ਸੀ। ਉਸ ਸਮੇਂ ਉਹ ਸਹੁੰ ਨਹੀਂ ਚੁੱਕ ਸਕੇ, ਕਿਉਂਕਿ ਵਿਰੋਧ ਕਰਦੇ ਮੈਂਬਰ ਸਦਨ ਤੋਂ ਬਾਹਰ ਨਿਕਲ ਗਏ ਸਨ। ਵਿਧਾਨ ਸਭਾ ਪ੍ਰਧਾਨ ਨੂੰ ਇਸ ਤੋਂ ਬਾਅਦ ਸਦਨ ਦੀ ਕਾਰਵਾਈ ਮੁਲਤਵੀ ਕਰਨ ਲਈ ਮਜਬੂਰ ਹੋਣਾ ਪਿਆ ਸੀ।


Related News