ਪਾਕਿ ਅਦਾਲਤ ''ਚ ਹਾਫਿਜ਼ ਸਈਦ ਖਿਲਾਫ ਫੈਸਲਾ 11 ਫਰਵਰੀ ਤੱਕ ਟਲਿਆ
Saturday, Feb 08, 2020 - 03:37 PM (IST)

ਲਾਹੌਰ- ਪਾਕਿਸਤਾਨ ਦੀ ਅੱਤਵਾਦ ਰੋਕੂ ਅਦਾਲਤ ਨੇ ਅੱਤਵਾਦ ਦੇ ਲਈ ਆਰਥਿਕ ਸਹਾਇਤਾ ਮੁਹੱਈਆ ਕਰਵਾਉਣ ਦੇ 2 ਮਾਮਲਿਆਂ ਵਿਚ ਮੁੰਬਈ ਹਮਲੇ ਦੇ ਮਾਸਟਰਮਾਈਂਡ ਹਾਫਿਜ਼ ਸਈਦ ਦੇ ਖਿਲਾਫ ਆਪਣੇ ਫੈਸਲੇ ਨੂੰ ਸ਼ਨੀਵਾਰ ਨੂੰ ਟਾਲ ਦਿੱਤਾ। ਅਦਾਲਤ ਨੇ ਸਈਦ ਦੀ ਅਪੀਲ 'ਤੇ ਅਜਿਹਾ ਕੀਤਾ ਤੇ ਮਾਮਲੇ ਦੀ ਸੁਣਵਾਈ ਮੰਗਲਵਾਰ ਤੱਕ ਲਈ ਟਾਲ ਦਿੱਤੀ ਹੈ।
ਅੱਤਵਾਦ ਰੋਕੂ ਅਦਾਲਤ ਲਾਹੌਰ ਦੇ ਜੱਜ ਅਰਸ਼ਦ ਹੁਸੈਨ ਭੁੱਟਾ ਨੇ ਅੱਤਵਾਦ ਦੇ ਲਈ ਪੈਸੇ ਮੁਹੱਈਆ ਕਰਵਾਉਣ ਦੇ ਦੋ ਮਾਮਲਿਆਂ ਵਿਚ ਜਮਾਤ-ਉਦ-ਦਾਵਾ ਦੇ ਮੁਖੀ ਦੇ ਖਿਲਾਫ ਫੈਸਲੇ ਨੂੰ ਪਿਛਲੇ ਹਫਤੇ ਸ਼ਨੀਵਾਰ ਦੇ ਲਈ ਸੁਰੱਖਿਅਤ ਰੱਖ ਲਿਆ ਸੀ। ਸ਼ਨੀਵਾਰ ਨੂੰ ਸੁਣਵਾਈ ਤੋਂ ਬਾਅਦ ਅਦਾਲਤ ਦੇ ਇਕ ਅਧਿਕਾਰੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਏਟੀਸੀ ਜੱਜ ਨੇ ਹਾਫਿਜ਼ ਸਈਦ ਦੀ ਅਰਜ਼ੀ 'ਤੇ ਗੌਰ ਕੀਤਾ, ਜਿਸ ਵਿਚ ਉਸ ਨੇ ਆਪਣੇ ਖਿਲਾਫ ਅੱਤਵਾਦ ਲਈ ਪੈਸੇ ਮੁਹੱਈਆ ਕਰਵਾਉਣ ਦੇ ਸਾਰੇ ਮਾਮਲਿਆਂ ਨੂੰ ਮਿਲਾਉਣ ਤੇ ਮੁਕੱਦਮਾ ਪੂਰਾ ਹੋਣ ਤੋਂ ਬਾਅਦ ਫੈਸਲਾ ਸੁਣਾਉਣ ਦੀ ਅਪੀਲ ਕੀਤੀ ਸੀ। ਅਧਿਕਾਰੀ ਨੇ ਦੱਸਿਆ ਕਿ ਉਪ ਪ੍ਰੋਸੀਕਿਊਸ਼ਨ ਨੇ ਸਈਦ ਦੀ ਅਰਜ਼ੀ ਦਾ ਵਿਰੋਧ ਕੀਤਾ ਤੇ ਤਰਕ ਦਿੱਤਾ ਕਿ ਉਸ ਦੇ ਖਿਲਾਫ ਦੋ ਮਾਮਲਿਆਂ ਵਿਚ ਮੁਕੱਦਮਾ ਪਹਿਲਾਂ ਹੀ ਪੂਰਾ ਹੋ ਚੁੱਕਿਆ ਹੈ ਤੇ ਅਦਾਲਤ ਕਾਨੂੰਨ ਦੇ ਤਹਿਤ ਫੈਸਲਾ ਸੁਣਾ ਸਕਦੀ ਹੈ। ਹਾਲਾਂਕਿ ਅਦਾਲਤ ਨੇ ਸਈਦ ਦੀ ਪਟੀਸ਼ਨ 'ਤੇ ਜਿਰਹ ਦੇ ਲਈ ਪ੍ਰੋਸੀਕਿਊਸ਼ਨ ਤੇ ਬਚਾਅ ਪੱਖ ਦੇ ਵਕੀਲਾਂ ਦੋਵਾਂ ਨੂੰ ਨੋਟਿਸ ਜਾਰੀ ਕਰ ਸੁਣਵਾਈ 11 ਫਰਵਰੀ ਤੱਕ ਟਾਲ ਦਿੱਤੀ। ਸਈਦ ਨੂੰ ਸਖਤ ਸੁਰੱਖਿਆ ਦੇ ਵਿਚਾਲੇ ਏਟੀਸੀ ਦੇ ਸਾਹਮਣੇ ਪੇਸ਼ ਕੀਤਾ ਗਿਆ।