ਪਾਕਿ ਅਦਾਲਤ ਦਾ ਅਜੀਬ ਫੈਸਲਾ, 14 ਸਾਲਾ ਕੁੜੀ ਨਾਲ ਜ਼ਬਰਦਸਤੀ ਵਿਆਹ ਨੂੰ ਦੱਸਿਆ ਕਾਨੂੰਨੀ
Saturday, Feb 08, 2020 - 02:52 PM (IST)

ਕਰਾਚੀ, (ਭਾਸ਼ਾ)— ਪਾਕਿਸਤਾਨ 'ਚ 14 ਸਾਲ ਦੀ ਈਸਾਈ ਕੁੜੀ ਨੂੰ ਅਗਵਾ ਕਰਕੇ ਉਸ ਦਾ ਧਰਮ ਬਦਲਾ ਕੇ ਜ਼ਬਰਦਸਤੀ ਉਸ ਨਾਲ ਵਿਆਹ ਕਰ ਲਿਆ ਗਿਆ ਸੀ। ਇੱਥੋਂ ਦੀ ਇਕ ਅਦਾਲਤ ਨੇ ਵਿਆਹ ਨੂੰ ਕਾਨੂੰਨੀ ਕਰਾਰ ਦਿੰਦੇ ਹੋਏ ਕਿਹਾ ਕਿ ਸ਼ਰੀਆ ਕਾਨੂੰਨ ਮੁਤਾਬਕ ਜੇਕਰ ਕੁੜੀ ਨੂੰ ਮਾਸਿਕ ਧਰਮ (ਮਹਾਵਾਰੀ) ਸ਼ੁਰੂ ਹੋ ਜਾਵੇ ਤਾਂ ਘੱਟ ਉਮਰ ਦੀ ਕੁੜੀ ਨਾਲ ਵਿਆਹ ਕਰਵਾਉਣਾ ਕਾਨੂੰਨੀ ਹੈ। ਕੁੜੀ ਨੂੰ ਅਗਵਾ ਕਰਨ ਮਗਰੋਂ ਜ਼ਬਰਦਸਤੀ ਇਸਲਾਮ ਧਰਮ ਕਬੂਲ ਕਰਵਾਇਆ ਗਿਆ ਸੀ ਅਤੇ ਅਗਵਾਕਾਰਾਂ ਨੇ ਉਸ ਨੂੰ ਵਿਆਹ ਕਰਵਾਉਣ ਲਈ ਮਜਬੂਰ ਕੀਤਾ ਸੀ।
ਇਸ ਦੇ ਬਾਅਦ ਪੀੜਤਾ ਦੇ ਮਾਂ-ਬਾਪ ਨੇ ਕਿਹਾ ਕਿ ਉਹ ਹੇਠਲੀ ਅਦਾਲਤ ਦੇ ਫੈਸਲੇ ਖਿਲਾਫ ਹਾਈ ਕੋਰਟ ਦਾ ਰੁਖ਼ ਕਰਨਗੇ। ਹੇਠਲੀ ਅਦਾਲਤ ਨੇ ਆਪਣੇ ਫੈਸਲੇ 'ਚ ਕਿਹਾ ਕਿ ਸ਼ਰੀਆ ਕਾਨੂੰਨ ਤਹਿਤ ਘੱਟ ਉਮਰ ਦੀ ਕੁੜੀ ਨਾਲ ਵਿਆਹ ਕਾਨੂੰਨੀ ਹੈ ਕਿਉਂਕਿ ਉਹ ਜਵਾਨ ਹੋ ਚੁੱਕੀ ਹੈ। ਪੀੜਤਾ ਦੇ ਪਿਤਾ ਯੂਨਿਸ ਅਤੇ ਮਾਂ ਨਗੀਨਾ ਮਸੀਹ ਮੁਤਾਬਕ ਪਿਛਲੇ ਸਾਲ ਅਕਤੂਬਰ 'ਚ ਹੁਮਾ ਨੂੰ ਜਦ ਅਗਵਾ ਕੀਤਾ ਗਿਆ ਸੀ ਤਦ ਉਹ 14 ਸਾਲ ਦੀ ਸੀ ਅਤੇ ਉਸ ਨੂੰ ਅਗਵਾ ਕਰਨ ਵਾਲੇ ਅਬਦੁਲ ਜੱਬਾਰ ਨੇ ਉਸ ਨੂੰ ਇਸਲਾਮ ਧਰਮ ਕਬੂਲ ਕਰਵਾ ਕੇ ਵਿਆਹ ਕਰਨ ਲਈ ਮਜਬੂਰ ਕੀਤਾ ਸੀ।
ਉਨ੍ਹਾਂ ਦੇ ਵਕੀਲ ਤਬਸੁਸਮ ਯੂਸਫ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਉਹ ਉੱਚ ਅਦਾਲਤ ਦੇ ਫੈਸਲੇ ਖਿਲਾਫ ਉੱਚ ਅਦਾਲਤ ਦਾ ਦਰਵਾਜ਼ਾ ਖੜਕਾਉਣਗੇ। ਸਿੰਧ ਸੂਬੇ ਦੀ ਇਕ ਅਦਾਲਤ ਨੇ ਹੁਮਾ ਦੀ ਘੱਟ ਉਮਰ ਨੂੰ ਜਾਣਦੇ ਹੋਏ ਵੀ ਉਸ ਦੇ ਕਥਿਤ ਅਗਵਾਕਰਤਾ ਜੱਬਾਰ ਅਤੇ ਉਸ ਵਿਚਕਾਰ ਵਿਆਹ ਨੂੰ ਇਹ ਕਹਿ ਕੇ ਕਾਨੂੰਨੀ ਠਹਿਰਾਇਆ ਕਿ ਹੁਣ ਉਹ ਜਵਾਨ ਹੋ ਚੁੱਕੀ ਹੈ।