ਪਾਕਿਸਤਾਨ ਨੇ ਕਰਤਾਰਪੁਰ ਲਾਂਘਾਂ ਖੋਲ੍ਹਾਂ ਸਬੰਧੀ ਵਿਦੇਸ਼ੀ ਡਿਪਲੋਮੈਟਾਂ ਨੂੰ ਦਿੱਤੀ ਜਾਣਕਾਰੀ
Thursday, Nov 07, 2019 - 03:41 PM (IST)

ਇਸਲਾਮਾਬਾਦ— ਪਾਕਿਸਤਾਨ ਨੇ ਲੰਬੇ ਸਮੇਂ ਤੋਂ ਉਡੀਕੇ ਜਾ ਰਹੇ ਕਰਤਾਰਪੁਰ ਲਾਂਘੇ ਨੂੰ ਖੋਲ੍ਹੇ ਜਾਣ ਦਾ ਡਿਪਲੋਮੈਟਿਕ ਪੱਧਰ 'ਤੇ ਪ੍ਰਚਾਰ ਕਰਦੇ ਹੋਏ ਇਸਲਾਮਾਬਾਦ 'ਚ ਸਥਿਤ ਵਿਦੇਸ਼ ਦੂਤਘਰਾਂ/ਹਾਈ ਕਮਿਸ਼ਨਾਂ ਦੇ ਮੁਖੀਆਂ ਤੇ ਉਨ੍ਹਾਂ ਦੇ ਪ੍ਰਤੀਨਿਧੀਆਂ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ।
ਵਿਦੇਸ਼ ਮੰਤਰਾਲੇ ਦੇ ਮੁਤਾਬਕ ਵਿਦੇਸ਼ ਸਕੱਤਰ ਸੋਹੇਲ ਮਹਿਮੂਦ ਨੇ ਪਵਿੱਤਰ ਸਿੱਖ ਗੁਰਦੁਆਰੇ ਨੂੰ ਖੋਲ੍ਹਣ ਦੀ ਪਾਕਿਸਤਾਨ ਦੀ ਪਹਿਲ 'ਤੇ ਵਿਸ਼ੇਸ਼ ਰੂਪ ਨਾਲ ਧਿਆਨ ਖਿੱਚਣ ਲਈ ਡਿਪਲੋਮੈਟਾਂ ਨੂੰ ਬੁੱਧਵਾਰ ਨੂੰ ਇਸ ਬਾਰੇ ਜਾਣਕਾਰੀ ਦਿੱਤੀ। ਮੰਤਰਾਲੇ ਨੇ ਕਿਹਾ ਕਿ ਮਹਿਮੂਦ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ 550ਵੀਂ ਜੈਅੰਤੀ ਦੇ ਸ਼ੁੱਭ ਮੌਕੇ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਦੀ ਦੇਸ਼ ਦੇ ਪ੍ਰਧਾਨ ਮੰਤਰੀ ਦੀ ਇਤਿਹਾਸਿਕ ਪਹਿਲ 'ਤੇ ਰੌਸ਼ਨੀ ਪਾਈ। ਵਿਦੇਸ਼ ਸਕੱਤਰ ਨੇ ਜ਼ੋਰ ਦੇ ਕੇ ਕਿਹਾ ਕਿ ਪਾਕਿਸਤਾਨ ਨੇ ਇਹ ਕਦਮ ਦੁਨੀਆ ਭਰ ਦੇ, ਵਿਸ਼ੇਸ਼ ਕਰਕੇ ਭਾਰਤ ਦੇ ਸਿੱਖ ਸ਼ਰਧਾਲੂਆਂ ਵਲੋਂ ਲੰਬੇ ਸਮੇਂ ਤੋਂ ਕੀਤੀ ਜਾ ਰਹੀ ਅਪੀਲ ਨੂੰ ਸਵਿਕਾਰ ਕਰਨ ਦੀ ਦਿਸ਼ਾ 'ਚ ਚੁੱਕਿਆ ਹੈ। ਉਨ੍ਹਾਂ ਨੇ ਕਿਹਾ ਕਿ ਕਰਤਾਰਪੁਰ ਸਾਹਿਬ ਲਾਂਘੇ ਤੋਂ ਇਲਾਵਾ ਭਾਰਤ ਦੇ ਸਿੱਖ ਸ਼ਰਧਾਲ ਵਾਹਘਾ ਬਾਰਡਰ ਤੋਂ ਵੀ ਆਉਣਗੇ।