ਹੈਰਾਨੀਜਨਕ : ਪਾਕਿ ’ਚ ਹਰ ਸਾਲ 1000 ਜਨਾਨੀਆਂ ਹੁੰਦੀਆਂ ਨੇ ਆਨਰ ਕਿਲਿੰਗ ਦਾ ਸ਼ਿਕਾਰ
Tuesday, Jun 29, 2021 - 04:27 PM (IST)
ਇੰਟਰਨੈਸ਼ਨਲ ਡੈਸਕ: ਪਾਕਿਸਤਾਨ ਵਿੱਚ ਇੱਜ਼ਤ ਬਚਾਉਣ ਦੇ ਨਾਮ 'ਤੇ ਕੁੜੀਆਂ ਦੀ ਜਾਨ ਕੁਰਬਾਨੀ ਦੇਣ (ਆਨਰ ਕਿਲਿੰਗ) ਦੀ ਕੁਪ੍ਰਥਾ ਤੇਜ਼ੀ ਨਾਲ ਵੱਧਦੀ ਜਾ ਰਹੀ ਹੈ। ਪਾਕਿਸਤਾਨੀ ਪਰਿਵਾਰਾਂ ਦੇ ਮੈਂਬਰ ਉਸ ਕੁੜੀ ਨੂੰ ਜਾਨ ਤੋਂ ਮਾਰਨਾ ਪਸੰਦ ਕਰਦੇ ਹਨ, ਜੋ ਆਪਣੇ ਪ੍ਰੇਮੀ ਨਾਲ ਭੱਜਦੀ ਹੋਈ ਫੜੀ ਜਾਂਦੀ ਹੈ ਜਾਂ ਆਪਣੀ ਪਸੰਦ ਅਨੁਸਾਰ ਵਿਆਹ ਕਰਨਾ ਚਾਹੁੰਦੀ ਹੈ। ਇਹੀ ਕਾਰਨ ਹੈ ਕਿ ਪਾਕਿ ’ਚ ਹਰ ਸਾਲ ਲਗਭਗ 1000 ਜਨਾਨੀਆਂ ਆਨਰ ਕਿਲਿੰਗ ਦਾ ਸ਼ਿਕਾਰ ਹੁੰਦੀਆਂ ਹਨ। ਪਾਕਿ ਵਿੱਚ ਜਨਾਨੀਆਂ ਨੂੰ ਆਪਣੀ ਪਸੰਦ ਦੇ ਕਿਸੇ ਵਿਅਕਤੀ ਨਾਲ ਸੁਤੰਤਰ ਵਿਆਹ ਕਰਨ ਦੀ ਆਗਿਆ ਨਹੀਂ, ਹਾਲਾਂਕਿ ਧਰਮ ਇਸ 'ਤੇ ਕੋਈ ਸਖ਼ਤ ਪਾਬੰਦੀਆਂ ਨਹੀਂ ਲਗਾਉਂਦਾ।
ਦੇਖਣ ਵਾਲੇ ਕਹਿੰਦੇ ਹਨ ਕਿ ਬਹੁਤੇ ਪਾਕਿਸਤਾਨੀ ਮਾਪੇ ਕੁੜੀ ਦੇ ਜਵਾਨ ਹੁੰਦਿਆਂ ਹੀ ਉਸ ਦਾ ਜ਼ਬਰਦਸਤੀ ਵਿਆਹ ਕਰਵਾ ਦਿੰਦੇ ਹਨ। ਜੇਕਰ ਕੁੜੀ ਇਸ ਦਾ ਵਿਰੋਧ ਕਰਦੀ ਹੈ ਜਾਂ ਆਪਣੀ ਜਾਨ ਬਚਾਉਣ ਲਈ ਘਰ ਛੱਡ ਜਾਂਦੀ ਹੈ, ਤਾਂ ਉਸਨੂੰ ਇੱਜ਼ਤ ਦੇਣ ਦੇ ਨਾਂ ’ਤੇ ਅਪਮਾਨਿਤ ਕੀਤਾ ਜਾਂਦਾ ਹੈ ਅਤੇ ਜਾਨੋ ਮਾਰ ਦਿੱਤਾ ਜਾਂਦਾ ਹੈ। ਆਨਰ ਕਿਲਿੰਗ ਦੀ ਇਹ ਬੇਮਹਿਮ ਪ੍ਰਥਾ ਸਿਰਫ਼ ਪਾਕਿ ਵਿੱਚ ਪ੍ਰਚਲਿਤ ਹੈ ਸਗੋਂ ਵਿਦੇਸ਼ ’ਚ ਰਹਿਣ ਵਾਲੇ ਪਾਕਿਸਤਾਨੀ ਇਸ ਪਰੰਪਰਾ ਦੀ ਪਾਲਣਾ ਕਰਦੇ ਵਿਖਾਈ ਦਿੰਦੇ ਹਨ। ਇਹ ਉਹ ਪਾਕਿਸਤਾਨੀ ਹਨ, ਜੋ ਆਪਣਾ ਦੇਸ਼ ਛੱਡ ਕੇ ਜਾਂਦੇ ਹਨ। ਇਕ ਪਾਕਿ ਪਰਿਵਾਰ ਦੀ ਅਜਿਹੀ ਘਟਨਾ ਪਿਛਲੇ ਹਫ਼ਤੇ ਇਟਲੀ ਵਿੱਚ ਵਾਪਰੀ ਸੀ, ਜਿਥੇ ਇਕ 18 ਸਾਲਾ ਕੁੜੀ ’ਤੇ ਉਸ ਦੇ ਪਰਿਵਾਰ ਨੇ ਆਪਣੇ ਸਨਮਾਨ ਲਈ ਉਸ ਨੂੰ ਮਾਰ ਦੇਣ ਦਾ ਦੋਸ਼ ਲਾਇਆ ਸੀ। ਉਸ ਕੁੜੀ ਨੇ ਆਪਣੇ ਚਚੇਰੇ ਭਰਾ ਨਾਲ ਵਿਆਹ ਕਰਨ ਦੇ ਮਾਪਿਆਂ ਦੇ ਫ਼ੈਸਲੇ 'ਤੇ ਇਤਰਾਜ਼ ਜਤਾਇਆ ਸੀ।
ਕੁੜੀ ਨੇ ਆਪਣੇ ਪਰਿਵਾਰ ਨੂੰ ਕਿਹਾ ਕਿ ਉਹ ਇਟਲੀ ’ਚ ਕਿਸੇ ਮੁੰਡੇ ਨੂੰ ਪਿਆਰ ਕਰਦੀ ਹੈ ਅਤੇ ਉਸ ਦੇ ਨਾਲ ਹੀ ਆਪਣੀ ਜ਼ਿੰਦਗੀ ਬਤੀਤ ਕਰਨਾ ਚਾਹੁੰਦੀ ਹੈ। ਕ੍ਰਾਈਮ ਸੀਨ ਦੇ ਜਾਂਚਕਰਤਾਵਾਂ ਅਨੁਸਾਰ ਪਿਛਲੇ ਸਾਲ ਸਰਦੀਆਂ ’ਚ ਕੁੜੀ ਦਾ ਪਰਿਵਾਰ ਉਸਦੇ ਰਿਸ਼ਤੇਦਾਰਾਂ ਨਾਲ ਮਿਲ ਕੇ ਉਸ ਦਾ ਜ਼ਬਰਦਸਤੀ ਵਿਆਹ ਕਰਵਾਉਣ ਦੀ ਯੋਜਨਾ ਬਣਾ ਰਿਹਾ ਸੀ। ਜਦੋਂ ਉਸ ਨੇ ਇਸ ਫ਼ੈਸਲੇ ਦਾ ਵਿਰੋਧ ਕੀਤਾ ਅਤੇ ਘਰੋਂ ਭੱਜ ਗਈ ਉਨ੍ਹਾਂ ਨੇ ਉਸ ਦੀ ਆਵਾਜ਼ ਹਮੇਸ਼ਾ ਲਈ ਬੰਦ ਕਰਨ ਦਾ ਫ਼ੈਸਲਾ ਕੀਤਾ। ਪੁਲਸ ਦੇ ਦਾਅਵਾ ਕੀਤਾ ਕਿ ਸੀ.ਸੀ.ਟੀ.ਵੀ ਫੁਟੇਜ ਤੋਂ ਪਤਾ ਲੱਗਾ ਕਿ ਉਸ ਕੁੜੀ ਦੇ ਮਾਤਾ-ਪਿਤਾ ਨੇ ਰਿਸ਼ਤੇਦਾਰਾਂ ਨਾਲ ਮਿਲ ਕੇ ਉਸ ਦਾ ਕਤਲ ਕੀਤਾ ਅਤੇ ਵਾਪਸ ਪਾਕਿ ਚੱਲੇ ਗਏ। ਕੁੜੀ ਸਮਨ ਦੀ ਲਾਸ਼ ਗਾਇਬ ਹੈ। ਪੁਲਸ ਨੂੰ ਸ਼ੱਕ ਹੈ ਕਿ ਉਸਦੇ ਮਾਪਿਆਂ ਅਤੇ ਰਿਸ਼ਤੇਦਾਰਾਂ ਨੇ ਕਤਲ ਦੇ ਦੋਸ਼ਾਂ ਤੋਂ ਬਚਣ ਲਈ ਉਸ ਨੂੰ ਦਫ਼ਨਾ ਦਿੱਤਾ ਹੈ।
ਇਹ ਆਨਰ ਕਿਲਿੰਗ ਦੀਆਂ ਕਹਾਣੀਆਂ ’ਚੋਂ ਇਕ ਹੈ, ਜਿਸ ਲਈ ਪਾਕਿ ਕੁੜੀਆਂ ਨੂੰ ਸ਼ਿਕਾਰ ਬਣਾਇਆ ਜਾਂਦਾ ਹੈ। ਪਾਕਿ ਵਿੱਚ ਇੱਕ ਸਾਲ ਵਿੱਚ 1000 ਕੁੜੀਆਂ ਦੀ ਆਨਰ ਕਿਲਿੰਗ ਕਾਰਨ ਜਾਨ ਜਾਣੀ ਭਿਆਨਕ ਅਤੇ ਗੰਭੀਰ ਸਥਿਤੀ ਨੂੰ ਦਰਸਾਉਂਦਾ ਹੈ। ਇਸ ਨਿਰਾਸ਼ਾਜਨਕ ਸਥਿਤੀ ਨੂੰ ਵੇਖਦਿਆਂ ਮਾਹਰ ਕਹਿੰਦੇ ਹਨ ਕਿ ਇਹ ਸਪੱਸ਼ਟ ਹੋ ਗਿਆ ਹੈ ਕਿ ਪਾਕਿ ਸਰਕਾਰ ਇਸ ਮੁੱਦੇ ‘ਤੇ ਨੀਤੀਆਂ ਬਣਾਉਣ ਅਤੇ ਅਪਰਾਧੀਆਂ ਨੂੰ ਸਜ਼ਾ ਦੇਣ ’ਚ ਅਸਫਲ ਰਹੀ ਹੈ। ਪਾਕਿ ਵਿੱਚ ਆਨਰ ਕਿਲਿੰਗ ਦੇ ਦੋਸ਼ੀ ਦੀ ਸਜ਼ਾ ਸਿਰਫ 2.0% ਹੈ ਜਦਕਿ ਬਰੀ ਕੀਤੇ ਜਾਣ ਦੀ ਦਰ 20.9% ਹੈ।