ਪਾਕਿ: ਹਿੰਦੂ ਪਰਿਵਾਰ ਦੀਆਂ 2 ਲੜਕੀਆਂ ਨੂੰ ਅਗਵਾ ਕਰਨ ਦੀ ਕੋਸ਼ਿਸ਼

Thursday, Nov 21, 2019 - 05:57 PM (IST)

ਪਾਕਿ: ਹਿੰਦੂ ਪਰਿਵਾਰ ਦੀਆਂ 2 ਲੜਕੀਆਂ ਨੂੰ ਅਗਵਾ ਕਰਨ ਦੀ ਕੋਸ਼ਿਸ਼

ਗੁਰਦਾਸਪੁਰ/ਲਾਹੌਰ (ਵਿਨੋਦ)- ਹਿੰਦੂ ਪਰਿਵਾਰ ਦੀਆਂ 2 ਲੜਕੀਆਂ ਨੂੰ ਮੁਸਲਿਮ ਭਾਈਚਾਰੇ ਦੇ ਲੋਕਾਂ ਵੱਲੋਂ ਅਗਵਾ ਕਰਨ ਦੀ ਕੋਸ਼ਿਸ਼ ਕਰਨ ਤੇ ਇਸ ਮਾਮਲੇ ਵਿਚ ਪੁਲਸ ਵੱਲੋਂ ਮੁਲਜ਼ਮਾਂ ਖਿਲਾਫ ਕੋਈ ਕਾਰਵਾਈ ਨਾ ਕੀਤੇ ਜਾਣ ਦੇ ਵਿਰੋਧ ਵਿਚ ਹਿੰਦੂ ਭਾਈਚਾਰੇ ਦੇ ਲੋਕਾਂ ਨੇ ਬੀਤੀ ਸ਼ਾਮ ਮੀਰਪੁਰ ਖਾਸ ਪ੍ਰੈੱਸ ਕਲੱਬ ਦੇ ਬਾਹਰ ਧਰਨਾ ਦੇ ਕੇ ਨਾਅਰੇਬਾਜ਼ੀ ਕੀਤੀ।

ਸਰਹੱਦ ਪਾਰ ਸੂਤਰਾਂ ਅਨੁਸਾਰ ਧਰਨੇ ’ਤੇ ਬੈਠੇ ਹਿੰਦੂ ਭਾਈਚਾਰੇ ਨਾਲ ਸਬੰਧਤ ਪਰਿਵਾਰਕ ਮੈਂਬਰ ਹਰਚਰਨ ਤੇ ਉਨ੍ਹਾਂ ਦੀ ਪਤਨੀ ਹੇਮਾ ਭੀਲ ਨੇ ਦੱਸਿਆ ਕਿ ਉਹ ਪਿੰਡ ਗੁਲਜ਼ਾਰ ਕੁਰੈਸ਼ੀ ਤਲੁਕਾ ਕੋਟ ਗੁਲਾਮ ਮੁਹੰਮਦ ਦੇ ਰਹਿਣ ਵਾਲੇ ਹਨ। ਪਿੰਡ ਦੇ ਹੀ ਗੰਨੀ ਮਾਚੀ, ਅਜੀਜ ਮਾਚੀ, ਸਤਾਰ ਮਾਚੀ, ਪਰਵੇਸ਼ ਤੇ ਮਲਿਕ ਨੇ ਸਾਡੇ ਘਰ ’ਤੇ ਹਮਲਾ ਕਰ ਕੇ ਸਾਡੀਆਂ ਲੜਕੀਆਂ ਸੀਤਾ ਤੇ ਸੋਮਾ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ। ਜਦ ਅਸੀਂ ਵਿਰੋਧ ਕੀਤਾ ਤਾਂ ਉਨ੍ਹਾਂ ਸਾਡੀਆਂ ਔਰਤਾਂ ਦੇ ਕੱਪੜੇ ਪਾੜ ਦਿੱਤੇ ਤੇ ਸਾਨੂੰ ਸਾਰਿਆਂ ਨੂੰ ਜ਼ਖਮੀ ਕਰ ਦਿੱਤਾ।

ਇਸ ਦੌਰਾਨ ਹਿੰਦੂ ਫਿਰਕੇ ਦੇ ਹੋਰ ਲੋਕਾਂ ਦੇ ਆ ਜਾਣ ਕਾਰਨ ਮੁਲਜ਼ਮ ਉਥੋਂ ਫਰਾਰ ਹੋ ਗਏ ਤੇ ਜਾਂਦੇ ਹੋਏ ਗੰਭੀਰ ਨਤੀਜੇ ਭੁਗਤਣ ਦੀ ਧਮਕੀ ਦੇ ਕੇ ਗਏ। ਇਸ ਸਬੰਧੀ ਜਦ ਅਸੀਂ ਕੋਟ ਮੁਹੰਮਦ ਪੁਲਸ ਸਟੇਸ਼ਨ ਵਿਚ ਸ਼ਿਕਾਇਤ ਦਰਜ ਕਰਵਾਉਣ ਗਏ ਤਾਂ ਪੁਲਸ ਨੇ ਸ਼ਿਕਾਇਤ ਦਰਜ ਕਰਨ ਤੋਂ ਇਨਕਾਰ ਕਰ ਦਿੱਤਾ। ਹਿੰਦੂ ਫਿਰਕੇ ਦੇ ਇਸ ਪਤੀ-ਪਤਨੀ ਨੇ ਦੋਸ਼ ਲਾਇਆ ਕਿ ਕੁਝ ਦਿਨ ਪਹਿਲਾਂ ਖੇਤਾਂ ਵਿਚ ਨਹਿਰੀ ਪਾਣੀ ਨੂੰ ਲੈ ਕੇ ਮੁਲਜ਼ਮਾਂ ਨਾਲ ਝਗੜਾ ਹੋਇਆ ਸੀ ਤੇ ਉਦੋਂ ਵੀ ਪੁਲਸ ਨੇ ਮੁਲਜ਼ਮਾਂ ਖਿਲਾਫ ਕੇਸ ਦਰਜ ਕਰਨ ਦੀ ਬਜਾਏ ਸਾਡੇ ’ਤੇ ਹੀ ਕੇਸ ਦਰਜ ਕਰ ਦਿੱਤਾ। ਮਾਚੀ ਪਰਿਵਾਰ ਵੱਲੋਂ ਪੁਲਸ ਨੂੰ ਰਿਸ਼ਵਤ ਦਿੱਤੇ ਜਾਣ ਕਾਰਨ ਪੁਲਸ ਉਨ੍ਹਾਂ ਦਾ ਸਾਥ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਜਦ ਤੱਕ ਸਾਨੂੰ ਇਨਸਾਫ ਨਹੀਂ ਮਿਲਦਾ, ਉਦੋਂ ਤੱਕ ਰੁਜ਼ਾਨਾ ਅਸੀਂ ਧਰਨਾ ਦਿਆਂਗੇ।


author

Baljit Singh

Content Editor

Related News