ਬਜ਼ੁਰਗਾਂ ਲਈ ਰਾਮਬਾਣ ਸਾਬਿਤ ਹੋ ਸਕਦੀ ਹੈ ਆਕਸਫੋਰਡ ਦੀ ਕੋਰੋਨਾ ਵੈਕਸੀਨ

10/27/2020 2:28:04 AM

ਲੰਡਨ - ਆਕਸਫੋਰਡ ਯੂਨੀਵਰਸਿਟੀ ਅਤੇ ਐਸਟ੍ਰਾਜ਼ੈਨੇਕਾ ਦੀ ਕੋਰੋਨਾ ਵੈਕਸੀਨ ਨੌਜਵਾਨਾਂ ਦੇ ਨਾਲ-ਨਾਲ ਬਜ਼ੁਰਗਾਂ ਵਿਚ ਵੀ ਵਾਇਰਸ ਨਾਲ ਲੜਣ ਦੀ ਸਮਰੱਥਾ ਪੈਦਾ ਕਰਨ ਵਿਚ ਅਸਰਦਾਰ ਰਹੀ ਹੈ। ਐਸਟ੍ਰਾਜ਼ੈਨੇਕਾ ਵੱਲੋਂ ਆਖਿਆ ਗਿਆ ਹੈ ਕਿ ਪ੍ਰੀਖਣ ਵਿਚ ਵੈਕਸੀਨ ਬਜ਼ੁਰਗਾਂ 'ਤੇ ਵੀ ਅਸਰਦਾਰ ਦਿਖੀ ਹੈ। ਵੈਕਸੀਨ 18 ਤੋਂ 55 ਸਾਲ ਦੇ ਲੋਕਾਂ 'ਤੇ ਪਹਿਲਾਂ ਹੀ ਅਸਰਦਾਰ ਸਾਬਿਤ ਹੋ ਚੁੱਕੀ ਹੈ। ਹੁਣ ਇਹ ਟੀਕਾ 55 ਸਾਲ ਤੋਂ ਜ਼ਿਆਦਾ ਉਮਰ ਦੇ ਬਜ਼ੁਰਗਾਂ ਵਿਚ ਵੀ ਇਮਿਊਨ ਰੈਸਪਾਂਸ ਨੂੰ ਵਧਾਉਣ ਵਿਚ ਕਾਮਯਾਬ ਰਿਹਾ ਹੈ।

ਕੰਪਨੀ ਨੇ ਕਿਹਾ ਵੱਡੀ ਸਫਲਤਾ
ਐਸਟ੍ਰਾਜ਼ੈਨੇਕਾ ਦਾ ਟੀਕਾ ਬਜ਼ੁਰਗਾਂ ਵਿਚ ਵੀ ਕੋਰੋਨਾਵਾਇਰਸ ਖਿਲਾਫ ਪ੍ਰਭਾਵੀ ਇਮਿਊਨ ਬਣਾਉਣ ਵਿਚ ਸਫਲ ਰਿਹਾ ਹੈ। ਕੰਪਨੀ ਵੱਲੋਂ ਦੱਸਿਆ ਗਿਆ ਹੈ ਕਿ ਵੈਕਸੀਨ ਨਾਲ ਬਜ਼ੁਰਗਾਂ ਦੇ ਸਰੀਰ ਵਿਚ ਪ੍ਰੋਟੈਕਟਿਵ ਐਂਟੀਬਾਡੀਜ਼ ਅਤੇ ਟੀ-ਸੈੱਲਸ ਦਾ ਨਿਰਮਾਣ ਹੋਇਆ। ਐਸਟ੍ਰਾਜ਼ੈਨੇਕਾ ਅਤੇ ਆਕਸਫੋਰਡ ਯੂਨੀਵਰਸਿਟੀ ਨੇ ਮਿਲ ਕੇ ਇਹ ਵੈਕਸੀਨ ਤਿਆਰ ਕਰ ਰਹੇ ਹਨ। ਇਸ ਵੈਕਸੀਨ ਦਾ ਭਾਰਤ ਵਿਚ ਵੀ ਐਂਟੀਬਾਡੀਜ਼ ਪ੍ਰੀਖਣ ਜਾਰੀ ਹੈ। ਭਾਰਤ ਵਿਚ ਸੀਰਮ ਇੰਸਟੀਚਿਊਟ ਆਫ ਇੰਡੀਆ ਨੇ ਵੈਕਸੀਨ ਨੂੰ ਲੈ ਕੇ ਐਸਟ੍ਰਾਜ਼ੈਨੇਕਾ ਨਾਲ ਕਰਾਰ ਕੀਤਾ ਹੈ।

ਬਜ਼ੁਰਗਾਂ ਨੂੰ ਹੀ ਕੋਰੋਨਾ ਤੋਂ ਜ਼ਿਆਦਾ ਖਤਰਾ
ਕੋਰੋਨਾ ਲਾਗ ਤੋਂ ਨੌਜਵਾਨਾਂ ਦੇ ਮੁਕਾਬਲੇ ਬਜ਼ੁਰਗਾਂ ਨੂੰ ਜ਼ਿਆਦਾ ਖਤਰਾ ਮੰਨਿਆ ਜਾਂਦਾ ਹੈ। ਆਕਸਫੋਰਡ ਦੀ ਕੋਰੋਨਾ ਵੈਕਸੀਨ ਦੇ ਪ੍ਰੀਖਣ ਵਿਚ ਬਜ਼ੁਰਗਾਂ ਵਿਚ ਇਮਿਊਨਿਟੀ ਪੈਦਾ ਕਰਨ ਵਿਚ ਸਫਲ ਰਹੀ ਹੈ। ਇਸ ਨੂੰ ਇਕ ਵੱਡੀ ਸਫਲਤਾ ਕੰਪਨੀ ਵੱਲੋਂ ਆਖਿਆ ਜਾ ਰਿਹਾ ਹੈ। ਐਸਟ੍ਰਾਜ਼ੈਨੇਕਾ ਅਤੇ ਆਕਸਫੋਰਡ ਯੂਨੀਵਰਸਿਟੀ ਨੂੰ ਕੋਰੋਨਾ ਵੈਕਸੀਨ ਦਾ ਉਤਪਾਦਨ ਕਰਨ ਦੀ ਦੌੜ ਵਿਚ ਅੱਗੇ ਮੰਨਿਆ ਜਾ ਰਿਹਾ ਹੈ। ਕੰਪਨੀ ਨੇ ਜੁਲਾਈ ਵਿਚ ਕਿਹਾ ਸੀ ਕਿ ਵੈਕਸੀਨ 18 ਤੋਂ 55 ਸਾਲ ਦੇ ਲੋਕਾਂ 'ਤੇ ਪ੍ਰਭਾਵੀ ਰਹੀ ਹੈ।


Khushdeep Jassi

Content Editor

Related News