'ਆਪ' ਆਗੂ ਦੇ ਪ੍ਰੀ-ਵੈਡਿੰਗ ਸ਼ੂਟ 'ਚ ਲੱਗੇ ਪੁਲਸ ਵਾਲੇ, ਮਜੀਠੀਆ ਨੇ ਕਿਹਾ ਹੋਰ ਕੀ ਉਮੀਦ ਕੀਤੀ ਜਾ ਸਕਦੀ

Wednesday, Feb 25, 2026 - 01:39 PM (IST)

'ਆਪ' ਆਗੂ ਦੇ ਪ੍ਰੀ-ਵੈਡਿੰਗ ਸ਼ੂਟ 'ਚ ਲੱਗੇ ਪੁਲਸ ਵਾਲੇ, ਮਜੀਠੀਆ ਨੇ ਕਿਹਾ ਹੋਰ ਕੀ ਉਮੀਦ ਕੀਤੀ ਜਾ ਸਕਦੀ

ਚੰਡੀਗੜ੍ਹ/ਅੰਮ੍ਰਿਤਸਰ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਸੂਬਾ ਸਰਕਾਰ ਅਤੇ ਪੁਲਸ ਪ੍ਰਸ਼ਾਸਨ 'ਤੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਨੇ ਸੋਸ਼ਲ ਮੀਡੀਆ ਰਾਹੀਂ ਇਕ ਵੀਡੀਓ ਸਾਂਝੀ ਕਰਦਿਆਂ ਪੰਜਾਬ ਪੁਲਸ ਦੀ ਕਾਰਜਪ੍ਰਣਾਲੀ 'ਤੇ ਨਿਸ਼ਾਨਾ ਸਾਧਿਆ ਹੈ। ਮਜੀਠੀਆ ਨੇ ਕਿਹਾ ਕਿ ਪੰਜਾਬ ਦੇ ਸਰਹੱਦੀ ਜ਼ਿਲ੍ਹੇ ਗੁਰਦਾਸਪੁਰ ਵਿਚ ਕੌਮਾਂਤਰੀ ਸਰਹੱਦ 'ਤੇ ਦੋ ਪੁਲਸ ਮੁਲਾਜ਼ਮਾਂ ਦਾ ਕਤਲ ਕਰ ਦਿੱਤਾ ਗਿਆ ਹੈ। ਉਨ੍ਹਾਂ ਅਫਸੋਸ ਜ਼ਾਹਿਰ ਕਰਦਿਆਂ ਕਿਹਾ ਕਿ ਪੰਜਾਬ ਪੁਲਸ ਨੂੰ ਅਜੇ ਤੱਕ ਇਹ ਵੀ ਨਹੀਂ ਪਤਾ ਲੱਗ ਸਕਿਆ ਕਿ ਇਹ ਕਤਲ ਕਿਸਨੇ ਅਤੇ ਕਿਵੇਂ ਕੀਤੇ ਹਨ।

ਇਹ ਵੀ ਪੜ੍ਹੋ : ਦਲਿਤ ਸਿੱਖ ਚਿਹਰੇ ਨੂੰ ਕੇਂਦਰ ਸਰਕਾਰ ਵਿਚ ਮਿਲਿਆ ਵੱਡਾ ਅਹੁਦਾ

ਪ੍ਰੀ-ਵੈਡਿੰਗ ਸ਼ੂਟ ਵਿੱਚ ਪੁਲਸ ਦੀ ਵਰਤੋਂ 'ਤੇ ਵਿਵਾਦ 

ਦੂਜੇ ਪਾਸੇ ਮਜੀਠੀਆ ਨੇ ਦੋਸ਼ ਲਾਇਆ ਕਿ ਮਾਰਕੀਟ ਕਮੇਟੀ ਬਟਾਲਾ ਦੇ ਨਵ-ਨਿਯੁਕਤ ਚੇਅਰਮੈਨ ਇੰਜੀਨੀਅਰ ਮਾਣਿਕ ਮਹਿਤਾ ਦੇ ਪ੍ਰੀ-ਵੈਡਿੰਗ ਸ਼ੂਟ (Pre-wedding shoot) ਲਈ ਅਸਲੀ ਪੁਲਸ ਮੁਲਾਜ਼ਮਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿਚ ਪਹਿਲੀ ਵਾਰ ਅਜਿਹਾ ਦੇਖਣ ਨੂੰ ਮਿਲਿਆ ਹੈ ਕਿ ਪੁਲਸ ਮੁਲਾਜ਼ਮਾਂ ਨੂੰ ਕਿਸੇ ਦੇ ਨਿੱਜੀ ਸ਼ੂਟ ਲਈ ਵਰਤਿਆ ਜਾ ਰਿਹਾ ਹੋਵੇ। ਮਜੀਠੀਆ ਨੇ ਸਵਾਲ ਉਠਾਇਆ ਕਿ ਕੀ 'ਆਪ' ਆਗੂਆਂ ਦੇ ਨਿੱਜੀ ਪ੍ਰੋਗਰਾਮਾਂ ਦੀ ਸੁਰੱਖਿਆ, ਪੁਲਸ ਮੁਲਾਜ਼ਮਾਂ ਦੀ ਆਪਣੀ ਸੁਰੱਖਿਆ ਨਾਲੋਂ ਜ਼ਿਆਦਾ ਅਹਿਮ ਹੈ? ਉਨ੍ਹਾਂ ਨੇ ਡੀਜੀਪੀ ਅਤੇ ਮੁੱਖ ਮੰਤਰੀ (ਜੋ ਕਿ ਗ੍ਰਹਿ ਮੰਤਰੀ ਵੀ ਹਨ) 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਅਜਿਹੇ ਹਾਲਾਤ ਵਿਚ ਪੰਜਾਬ ਦਾ ਰੱਬ ਹੀ ਰਾਖਾ ਹੈ ਅਤੇ ਇਨ੍ਹਾਂ ਤੋਂ ਕੋਈ ਉਮੀਦ ਨਹੀਂ ਰੱਖੀ ਜਾ ਸਕਦੀ। ਅਕਾਲੀ ਆਗੂ ਨੇ ਮੰਗ ਕੀਤੀ ਕਿ ਜਿਹੜੇ ਪੁਲਸ ਕਰਮਚਾਰੀ ਇਸ ਵੀਡੀਓ ਸ਼ੂਟ ਵਿਚ ਸ਼ਾਮਲ ਪਾਏ ਗਏ ਹਨ, ਉਨ੍ਹਾਂ ਨੂੰ ਤੁਰੰਤ ਮੁਅੱਤਲ ਕੀਤਾ ਜਾਵੇ। ਉਨ੍ਹਾਂ ਪੁੱਛਿਆ ਕਿ ਡੀਜੀਪੀ ਸਾਹਿਬ ਇਹ ਸਪੱਸ਼ਟ ਕਰਨ ਕਿ ਪੁਲਸ ਮੁਲਾਜ਼ਮਾਂ ਨੂੰ ਸੁਰੱਖਿਆ ਡਿਊਟੀ ਦੀ ਬਜਾਏ ਪ੍ਰੀ-ਵੈਡਿੰਗ ਸ਼ੂਟ ਲਈ ਕਿਉਂ ਭੇਜਿਆ ਗਿਆ?

ਇਹ ਵੀ ਪੜ੍ਹੋ : ਚੋਣਾਂ ਤੋਂ ਪਹਿਲਾਂ ਪੰਜਾਬ 'ਚ ਡੀ.ਜੀ.ਪੀ. ਬਦਲਣਾ ਤੈਅ, UPSC ਨੇ ਪੰਜਾਬ ਸਰਕਾਰ ਨੂੰ ਭੇਜਿਆ ਨੋਟਿਸ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

Gurminder Singh

Content Editor

Related News