ਕੈਨੇਡਾ 'ਚ ਡਾਕਟਰਾਂ ਨੇ ਤਨਖਾਹਾਂ ਵਧਣ ਦਾ ਕੀਤਾ ਵਿਰੋਧ, ਇਹ ਹੈ ਕਾਰਨ
Friday, Mar 09, 2018 - 03:40 PM (IST)

ਕਿਊਬਿਕ— ਭਾਰਤ 'ਚ ਆਪਣੀਆਂ ਤਨਖਾਹਾਂ ਨੂੰ ਵਧਾਉਣ ਨੂੰ ਲੈ ਕੇ ਪ੍ਰਦਸ਼ਰਨ ਕਰਨ ਵਾਲੇ ਲੋਕਾਂ ਨੂੰ ਅਸੀਂ ਸਭ ਨੇ ਦੇਖਿਆ ਹੈ ਪਰ ਕੈਨੇਡਾ 'ਚ ਵੱਖਰਾ ਨਜ਼ਾਰਾ ਦੇਖਣ ਨੂੰ ਮਿਲਿਆ। ਕੈਨੇਡਾ ਦੇ ਸੂਬੇ ਕਿਊਬਿਕ ਦੇ 500 ਡਾਕਟਰਾਂ ਦੀ ਇਕ ਟੀਮ ਨੇ ਆਪਣੀ ਤਨਖਾਹ ਵਧਣ ਦੇ ਖਿਲਾਫ ਇਕ ਪਟੀਸ਼ਨ ਦਰਜ ਕੀਤੀ ਹੈ। ਇਨ੍ਹਾਂ ਡਾਕਟਰਾਂ ਨੇ ਕਿਹਾ ਕਿ ਉਨ੍ਹਾਂ ਦੀਆਂ ਤਨਖਾਹਾਂ ਪਹਿਲਾਂ ਤੋਂ ਹੀ ਕਾਫੀ ਹਨ ਅਤੇ ਇਸ ਲਈ ਉਹ ਆਪਣੀ ਤਨਖਾਹ ਵਧਣ ਦੇ ਖਿਲਾਫ ਹਨ। ਉਨ੍ਹਾਂ ਲਿਖਿਆ,''ਅਸੀਂ ਕਿਊਬਿਕ ਦੇ ਡਾਕਟਰ ਹਾਂ, ਅਸੀਂ ਮੈਡੀਕਲ ਫੈਡਰੇਸ਼ਨ ਵੱਲੋਂ ਸਾਡੀ ਤਨਖਾਹ ਵਧਾਉਣ 'ਤੇ ਵਿਰੋਧ ਕਰਦੇ ਹਾਂ।'' ਡਾਕਟਰ ਚਾਹੁੰਦੇ ਹਨ ਕਿ ਇਸ ਪੈਸੇ ਦੀ ਵਰਤੋਂ ਸਿਹਤ ਸੇਵਾਵਾਂ ਨੂੰ ਚੰਗਾ ਬਣਾਉਣ ਲਈ ਕੀਤੀ ਜਾਣੀ ਚਾਹੀਦੀ ਹੈ।
ਕੀ ਹੈ ਕਾਰਨ—
ਡਾਕਟਰਾਂ ਨੇ ਆਨਲਾਈਨ ਪਟੀਸ਼ਨ 'ਚ ਵਿਰੋਧ ਦਾ ਕਾਰਨ ਵੀ ਦੱਸਿਆ ਹੈ। ਉਸ 'ਚ ਲਿਖਿਆ ਕਿ ਡਾਕਟਰਾਂ ਦੇ ਨਾਲ ਕੰਮ ਕਰਨ ਵਾਲੇ ਸਟਾਫ ਦੀ ਸਥਿਤੀ ਠੀਕ ਨਹੀਂ ਹੈ, ਮਰੀਜ਼ ਵੀ ਖੁਸ਼ ਨਹੀਂ ਹਨ, ਅਜਿਹੇ 'ਚ ਉਨ੍ਹਾਂ ਦੀ ਤਨਖਾਹ ਵਧਾਉਣਾ ਠੀਕ ਨਹੀਂ ਹੈ। ਦੱਸ ਦਈਏ ਕਿ ਕੈਨੇਡਾ ਦੀਆਂ ਨਰਸਾਂ ਕੰਮ ਦੇ ਘੰਟਿਆਂ ਨੂੰ ਲੈ ਕੇ ਪਰੇਸ਼ਾਨ ਰਹਿੰਦੀਆਂ ਹਨ। ਡਾਕਟਰਾਂ ਨੇ ਕਿਹਾ ਕਿ ਜੇਕਰ ਸਾਡੇ ਸਾਥੀ ਖੁਸ਼ ਹੋਣਗੇ, ਇਲਾਜ ਕਰਵਾਉਣ ਵਾਲੇ ਮਰੀਜ਼ ਸੰਤੁਸ਼ਟ ਹੋਣਗੇ ਤਾਂ ਸਾਨੂੰ ਵੀ ਚੰਗਾ ਲੱਗੇਗਾ, ਇਹ ਖੁਸ਼ੀ ਪੈਸੇ ਵਧਾਉਣ ਨਾਲ ਨਹੀਂ ਮਿਲ ਸਕਦੀ।
ਡਾਕਟਰਾਂ ਦੇ ਪ੍ਰਦਰਸ਼ਨ 'ਤੇ ਉੱਥੇ ਦੇ ਸਿਹਤ ਮੰਤਰਾਲੇ ਦਾ ਬਿਆਨ ਵੀ ਆ ਗਿਆ ਹੈ। ਸਿਹਤ ਮੰਤਰੀ ਗੇਟਨ ਬਾਰੇਟੇ ਨੇ ਕਿਹਾ ਕਿ ਜੇਕਰ ਡਾਕਟਰਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਨੂੰ ਸੱਚ-ਮੁੱਚ ਵਧੇਰੇ ਪੈਸੇ ਦਿੱਤੇ ਜਾ ਰਹੇ ਹਨ ਤਾਂ ਉਹ ਪੈਸੇ ਛੱਡ ਸਕਦੇ ਹਨ। ਬਾਰੇਟੇ ਨੇ ਕਿਹਾ,''ਮੈਂ ਵਾਅਦਾ ਕਰਦਾ ਹਾਂ ਕਿ ਉਸ ਪੈਸੇ ਦਾ ਚੰਗੀ ਵਰਤੋਂ ਹੋਵੇਗੀ। '' ਮੰਤਰੀ ਨੇ ਇਹ ਵੀ ਕਿਹਾ ਕਿ ਮੰਤਰਾਲੇ ਕੋਲ ਜ਼ਰੂਰੀ ਕੰਮ ਲਈ ਪੈਸਾ ਹੈ ਪਰ ਬਹੁਤ ਜ਼ਿਆਦਾ ਪੈਸਾ ਨਹੀਂ ਹੈ।