ਈਸ਼ਨਿੰਦਾ ਕਾਨੂੰਨ ''ਤੇ ਯੂਰਪ ਦੇ ਪ੍ਰਸਤਾਵ ਮਗਰੋਂ ਭੜਕੇ ਇਮਰਾਨ ਖ਼ਾਨ ਨੇ ਦਿੱਤਾ ਕੋਰਾ ਜਵਾਬ

Tuesday, May 04, 2021 - 03:10 PM (IST)

ਈਸ਼ਨਿੰਦਾ ਕਾਨੂੰਨ ''ਤੇ ਯੂਰਪ ਦੇ ਪ੍ਰਸਤਾਵ ਮਗਰੋਂ ਭੜਕੇ ਇਮਰਾਨ ਖ਼ਾਨ ਨੇ ਦਿੱਤਾ ਕੋਰਾ ਜਵਾਬ

ਗੁਰਦਾਸਪੁਰ/ਪਾਕਿਸਤਾਨ (ਵਿਨੋਦ)-ਯੂਰਪੀਅਨ ਸੰਸਦ ਵੱਲੋਂ ਪਾਕਿਸਤਾਨ ਦੇ ਈਸ਼ਨਿੰਦਾ ਕਾਨੂੰਨ ਖ਼ਿਲਾਫ਼ ਲਿਆਂਦੇ ਗਏ ਪ੍ਰਸਤਾਵ ’ਤੇ ਸਖਤ ਰੁਖ਼ ਅਪਣਾਉਂਦਿਆਂ ਇਮਰਾਨ ਖਾਨ ਨੇ ਇਸ ’ਚ ਕੋਈ ਵੀ ਤਬਦੀਲੀ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਸਾਰੇ ਵਿਸ਼ਵ ’ਚ ਪਾਕਿਸਤਾਨ ਦੇ ਈਸ਼ਨਿੰਦਾ (ਬਲੈਸਮੀ) ਕਾਨੂੰਨ ਦੀ ਗ਼ੈਰ-ਮੁਸਲਿਮਾਂ ’ਤੇ ਹੋ ਰਹੀ ਦੁਰਵਰਤੋਂ ਸਬੰਧੀ ਅਤੇ ਇਸ ਕਾਨੂੰਨ ਅਧੀਨ ਮੌਤ ਦੀ ਸਜ਼ਾ ਖਤਮ ਕਰਨ ਸਬੰਧੀ ਹੋ-ਹੱਲਾ ਹੋ ਰਿਹਾ ਹੈ। ਜ਼ਿਕਰਯੋਗ ਹੈ ਕਿ ਯੂਰਪੀਅਨ ਸੰਸਦ ਨੇ ਇਕ ਪ੍ਰਸਤਾਵ ਪਾਸ ਕਰ ਕੇ ਪਾਕਿਸਤਾਨ ’ਚ ਇਸ ਕਾਨੂੰਨ ਦੀ ਦੁਰਵਰਤੋਂ ਨੂੰ ਬੰਦ ਕਰਨ ਦੀ ਮੰਗ ਕੀਤੀ ਸੀ।

ਮਨੁੱਖੀ ਅਧਿਕਾਰ ਸੰਗਠਨਾਂ ਨੇ ਵੀ ਇਸ ਕਾਨੂੰਨ ਦੇ ਪਾਕਿਸਤਾਨ ’ਚ ਰਹਿਣ ਵਾਲੇ ਗੈਰ-ਮੁਸਲਿਮਾਂ ’ਤੇ ਝੂਠੇ ਕੇਸ ਦਰਜ ਕਰਨ ਦਾ ਵਿਰੋਧ ਕੀਤਾ ਹੈ ਪਰ ਉਸ ਦੇ ਬਾਵਜੂਦ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੀ ਅਗਵਾਈ ’ਚ ਹੋਈ ਕੈਬਨਿਟ ਦੀ ਮੀਟਿੰਗ ’ਚ ਸਰਬਸੰਮਤੀ ਨਾਲ ਪਾਸ ਕੀਤਾ ਗਿਆ ਕਿ ਇਸ ਈਸ਼ਨਿੰਦਾ ਕਾਨੂੰਨ ਸਬੰਧੀ ਕਿਸੇ ਵੀ ਤਰ੍ਹਾਂ ਦੀ ਤਬਦੀਲੀ ਨਹੀਂ ਕੀਤੀ ਜਾਵੇਗੀ ਅਤੇ ਇਸਲਾਮ ਨੂੰ ਬਦਨਾਮ ਕਰਨ ਜਾਂ ਇਸਲਾਮ ਖ਼ਿਲਾਫ਼ ਚੱਲਣ ਵਾਲਿਆਂ ’ਤੇ ਸਖਤ ਕਾਰਵਾਈ ਕੀਤੀ ਜਾਵੇਗੀ। ਸਰਹੱਦ ਪਾਰ ਸੂਤਰਾਂ ਦੇ ਅਨੁਸਾਰ ਬੀਤੇ ਦਿਨ ਦੇਰ ਰਾਤ ਤੱਕ ਚੱਲੀ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਅਗਵਾਈ ਵਾਲੀ ਮੀਟਿੰਗ ’ਚ ਸਾਰੇ ਕੈਬਨਿਟ ਮੰਤਰੀ ਹਾਜ਼ਰ ਸਨ। ਵਿਦੇਸ਼ੀ ਪ੍ਰੈੱਸ ਅਤੇ ਕੁਝ ਦੇਸ਼ਾਂ ਵੱਲੋਂ ਪਾਕਿਸਤਾਨ ’ਚ ਈਸ਼ਨਿੰਦਾ ਕਾਨੂੰਨ ਅਧੀਨ ਗੈਰ-ਮੁਸਲਿਮਾਂ ਨੂੰ ਤੰਗ ਕਰਨ ਅਤੇ ਉਨ੍ਹਾਂ ਨੂੰ ਧਰਮ ਪਰਿਵਰਤਨ ਕਰਨ ਲਈ ਮਜਬੂਰ ਕਰਨ ਦੇ ਸਾਰੇ ਦੋਸ਼ਾਂ ਨੂੰ ਖਾਰਿਜ ਕਰਕੇ ਇਸ ਕਾਨੂੰਨ ਦੀ ਸਖਤੀ ਨਾਲ ਪਾਲਣਾ ਕਰਨ ਦਾ ਫੈਸਲਾ ਲਿਆ ਗਿਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕਿਸੇ ’ਤੇ ਸਿਆਸੀ ਦੋਸ਼ ਜਾਂ ਵਿਅਕਤੀਗਤ ਝਗੜੇ ਕਾਰਨ ਇਹ ਈਸ਼ਨਿੰਦਾ ਦੀ ਧਾਰਾ ਨਾ ਲਗਾਈ ਜਾਵੇ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਪਾਕਿਸਤਾਨ ’ਚ ਅਹਿਮਦੀਆ ਜਮਾਤ ਨੂੰ ਕਦੀ ਵੀ ਮੁਸਲਿਮ ਨਹੀਂ ਮੰਨਿਆ ਜਾਵੇਗਾ ਅਤੇ ਜਦ ਇਹ ਲੋਕ ਇਸਲਾਮ ਧਰਮ ਅਨੁਸਾਰ ਧਾਰਮਿਕ ਗਤੀਵਿਧੀਆਂ ਚਲਾਉਦੇ ਹਨ ਤਾਂ ਇਨ੍ਹਾਂ ਦੇ ਖਿਲਾਫ ਈਸ਼ਨਿੰਦਾ ਅਧੀਨ ਕੇਸ ਦਰਜ ਕੀਤਾ ਜਾਵੇਗਾ।
ਯੂਰਪੀਅਨ ਦੇਸ਼ਾਂ ਨਾਲ ਇਸ ਸਬੰਧੀ ਜਦ ਕੋਈ ਸਮਝੌਤਾ ਹੋਇਆ ਹੈ ਤਾਂ ਉਸ ’ਤੇ ਫਿਰ ਵਿਚਾਰ-ਵਟਾਂਦਰਾ ਕੀਤਾ ਜਾਵੇ ਪਰ ਪਾਕਿਸਤਾਨ ’ਚ ਇਸ ਕਾਨੂੰਨ ’ਚ ਕਿਸੇ ਤਰ੍ਹਾਂ ਦੀ ਤਬਦੀਲੀ ਸੰਭਵ ਨਹੀਂ ਹੈ। ਯੂਰਪੀਅਨ ਦੇਸ਼ਾਂ ਨਾਲ ਹੋਏ ਸਮਝੌਤੇ ’ਚ ਪਾਕਿਸਤਾਨ ਨੇ ਉਸ ਮਸੌਦੇ ’ਤੇ ਦਸਤਖ਼ਤ ਕੀਤੇ ਹੋਏ ਹਨ, ਜਿਸ ’ਚ ਮਨੁੱਖੀ ਅਧਿਕਾਰ, ਮਹਿਲਾ ਅਧਿਕਾਰ ਤੇ ਘੱਟਗਿਣਤੀਆਂ ਦੇ ਅਧਿਕਾਰਾਂ ਦੀ ਰਾਖੀ ਦੀ ਗੱਲ ਕੀਤੀ ਗਈ ਹੈ। 


author

Manoj

Content Editor

Related News