ਭੂਚਾਲ ਤੋਂ ਤਿੰਨ ਸਾਲ ਬਾਅਦ ਖੁੱਲ੍ਹਿਆ ਨੇਪਾਲ ਦਾ ਕ੍ਰਿਸ਼ਣ ਮੰਦਰ

09/02/2018 8:33:53 PM

ਕਾਠਮੰਡੂ— ਨੇਪਾਲ 'ਚ 2015 ਦੇ ਭਿਆਨਕ ਭੂਚਾਲ ਦੇ ਤਿੰਨ ਸਾਲ ਬਾਅਦ ਪਹਿਲੀ ਵਾਰ ਭਗਵਾਨ ਕ੍ਰਿਸ਼ਣ ਦੇ ਪ੍ਰਸਿੱਧ ਮੰਦਰ ਨੂੰ ਐਤਵਾਰ ਨੂੰ ਲੋਕਾਂ ਲਈ ਖੋਲ੍ਹ ਦਿੱਤਾ ਗਿਆ। ਇਹ ਮੰਦਰ ਭਾਰਤੀ ਉੱਚ ਸ਼ੈਲੀ 'ਚ ਨਿਰਮਿਤ ਹੈ। ਨੇਪਾਲ 'ਚ ਅਪ੍ਰੈਲ 2015 ਨੂੰ 7.8 ਤੀਬਰਤਾ ਦਾ ਭੂਚਾਲ ਆਇਆ ਸੀ, ਜਿਸ 'ਚ 8,700 ਲੋਕ ਮਾਰੇ ਗਏ ਸਨ ਤੇ ਘਰਾਂ ਤੇ ਘਾਟੀ 'ਚ ਬਣੇ ਸੰਸਕ੍ਰਿਤਿਕ ਵਿਰਾਸਤੀ ਸਥਲਾਂ ਨੂੰ ਵੀ ਕਾਫੀ ਨੁਕਸਾਨ ਪਹੁੰਚਿਆਂ ਸੀ।

ਐਤਵਾਰ ਤੜਕੇ ਕਾਠਮੰਡੂ ਦੇ ਲਲਿਤਪੁਰ ਨਗਰ ਨਿਗਮ 'ਚ ਸਥਿਤ ਭਗਵਾਨ ਕ੍ਰਿਸ਼ਣ ਦੇ 17ਵੀਂ ਸਤਾਬਦੀ ਦੇ ਮੰਦਰ 'ਚ ਦਰਸ਼ਨ ਦੇ ਲਈ ਹਜ਼ਾਰਾਂ ਸ਼ਰਧਾਲੂਆਂ ਦੀ ਭੀੜ ਉਮੜੀ। ਲਲਿਤਪੁਰ 'ਚ ਸਿੱਧੀ ਨਰਸਿੰਘ ਮੱਲ ਵਲੋਂ ਨਿਰਮਿਤ ਕਲਾਤਮਕ ਮੰਦਰ ਭੂਚਾਲ 'ਚ ਥੋੜਾ ਨੁਕਸਾਨਿਆ ਗਿਆ ਸੀ। ਪੱਥਰ ਨਾਲ ਬਣੇ ਮੰਦਰ ਦੀ ਮੁਰੰਮਤ ਦਾ ਕੰਮ ਹਾਲ 'ਚ ਹੀ ਪੂਰਾ ਕੀਤਾ ਗਿਆ ਹੈ। ਇਸ ਨੂੰ ਰੰਗੀਨ ਝੰਡੇ, ਬੈਨਰ ਤੇ ਲਾਈਟਾਂ ਨਾਲ ਖੂਬਸੂਰਤੀ ਨਾਲ ਸਜਾਇਆ ਗਿਆ। ਇਹ ਮੰਦਰ ਤਿੰਨ ਮੰਜ਼ਿਲਾ ਹੈ। ਮੰਦਰ ਦੀ ਪਹਿਲੀ ਮੰਜ਼ਿਲ 'ਚ ਪੱਥਰਾਂ 'ਤੇ ਹਿੰਦੂ ਧਰਮ ਦੀ ਮਹਾਭਾਰਤ ਕਥਾ ਨਾਲ ਜੁੜੀਆਂ ਘਟਨਾਵਾਂ ਨੂੰ ਉਕੇਰਿਆ ਗਿਆ ਹੈ ਜਦਕਿ ਦੂਜੀ ਮੰਜ਼ਿਲ 'ਚ ਰਮਾਇਣ ਨਾਲ ਜੁੜੇ ਦ੍ਰਿਸ਼ਾਂ ਨੂੰ ਉਕੇਰਿਆ ਗਿਆ ਹੈ।

ਕ੍ਰਿਸ਼ਣ ਮੰਦਰ ਦਾ ਨਿਰਮਾਣ ਭਾਰਤੀ ਸਿਖਰ ਸ਼ੈਲੀ 'ਚ ਕੀਤਾ ਗਿਆ ਹੈ। ਇਸ ਮੰਦਰ ਦੇ ਬਾਰੇ ਇਕ ਕਹਾਣੀ ਹੈ ਕਿ ਇਕ ਰਾਤ ਮੱਲ ਰਾਜਾ ਨੇ ਸੁਪਨੇ 'ਚ ਕ੍ਰਿਸ਼ਣ ਤੇ ਰਾਧਾ ਨੂੰ ਦੇਖਿਆ ਤੇ ਆਪਣੇ ਮਹੱਲ ਦੇ ਸਾਹਮਣੇ ਮੰਦਰ ਬਣਾਉਣ ਦਾ ਨਿਰਦੇਸ਼ ਦਿੱਤਾ। ਇਸ ਦੀ ਇਕ ਤਸਵੀਰ ਰਾਜਾ ਨੇ ਮਹੱਲ ਦੇ ਅੰਦਰ ਕੰਪਲੈਕਸ 'ਚ ਬਣਵਾਈ ਹੈ।


Related News