ਮਾਰਿਆ ਗਿਆ ਓਸਾਮਾ ਬਿਨ ਲਾਦੇਨ ਦਾ ਬੇਟਾ : ਅਮਰੀਕੀ ਮੀਡੀਆ

08/01/2019 10:31:59 AM

ਵਾਸ਼ਿੰਗਟਨ— ਕੌਮਾਂਤਰੀ ਅੱਤਵਾਦੀ ਸੰਗਠਨ ਅਲਕਾਇਦਾ ਦੇ ਸਰਗਣਾ ਰਹੇ ਓਸਾਮਾ ਬਿਨ ਲਾਦੇਨ ਦੇ ਬੇਟੇ ਹਮਜਾ ਬਿਨ ਲਾਦੇਨ ਦੇ ਮਾਰੇ ਜਾਣ ਦੀ ਖਬਰ ਮੀਡੀਆ 'ਚ ਚੱਲ ਰਹੀ ਹੈ। ਅਮਰੀਕੀ ਮੀਡੀਆ ਰਿਪੋਰਟਾਂ ਮੁਤਾਬਕ ਅਜੇ ਇਹ ਸਪੱਸ਼ਟ ਨਹੀਂ ਹੈ ਕਿ ਹਮਜਾ ਦੀ ਮੌਤ 'ਚ ਅਮਰੀਕਾ ਦਾ ਹੱਥ ਹੈ ਜਾਂ ਨਹੀਂ। ਅਮਰੀਕੀ ਖੁਫੀਆ ਅਧਿਕਾਰੀਆਂ ਨੇ ਇੱਥੇ ਇਹ ਨਹੀਂ ਦੱਸਿਆ ਕਿ ਹਮਜਾ ਦੀ ਮੌਤ ਕਿੱਥੇ ਹੋਈ। ਰਾਸ਼ਟਰਪਤੀ ਟਰੰਪ ਨੇ ਵੀ ਇਸ ਸਬੰਧੀ ਕੋਈ ਟਿੱਪਣੀ ਕਰਨ ਤੋਂ ਮਨਾ ਕਰ ਦਿੱਤਾ। 

ਇਸ ਤੋਂ ਪਹਿਲਾਂ ਅਮਰੀਕਾ ਨੇ ਹਮਜਾ ਦਾ ਪਤਾ ਲਗਾਉਣ ਵਾਲੇ ਨੂੰ 10 ਲੱਖ ਡਾਲਰ ਇਨਾਮ ਵਜੋਂ ਦੇਣ ਦਾ ਐਲਾਨ ਕੀਤਾ ਸੀ। ਅਮਰੀਕਾ ਨੇ ਕਿਹਾ ਸੀ ਕਿ ਹਮਜਾ ਆਪਣੇ ਪਿਤਾ ਦੀ ਮੌਤ ਦਾ ਬਦਲਾ ਲੈਣ ਲਈ ਉਸ 'ਤੇ ਹਮਲੇ ਦੀ ਸਾਜਸ਼ ਰਚ ਰਿਹਾ ਹੈ। ਇਸ ਨੂੰ ਦੇਖਦੇ ਹੋਏ ਇੰਨੇ ਵੱਡੇ ਇਨਾਮ ਦਾ ਐਲਾਨ ਕੀਤਾ ਗਿਆ ਸੀ। ਅਮਰੀਕਾ ਓਸਾਮਾ ਦੇ ਬੇਟੇ ਹਮਜਾ ਬਿਨ ਲਾਦੇਨ ਨੂੰ ਅੱਤਵਾਦ ਦੇ ਉੱਭਰਦੇ ਹੋਏ ਚਿਹਰੇ ਦੇ ਰੂਪ 'ਚ ਦੇਖਦਾ ਸੀ। 'ਜਿਹਾਦ ਦੇ ਯੁਵਰਾਜ' ਦੇ ਨਾਂ ਤੋਂ ਜਾਣੇ ਜਾਣ ਵਾਲੇ ਹਮਜਾ ਦੇ ਟਿਕਾਣੇ ਦਾ ਕਾਫੀ ਦਿਨਾਂ ਤੋਂ ਕੋਈ ਪਤਾ ਨਹੀਂ ਸੀ।
ਸਾਲਾਂ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਸੀ ਕਿ ਉਹ ਪਾਕਿਸਤਾਨ, ਅਫਗਾਨਿਸਤਾਨ, ਸੀਰੀਆ 'ਚ ਰਹਿ ਰਿਹਾ ਹੈ ਜਾਂ ਫਿਰ ਈਰਾਨ 'ਚ ਨਜ਼ਰਬੰਦ ਹੈ। ਹਾਲਾਂਕਿ ਹੁਣ ਉਸ ਦੇ ਮਾਰੇ ਜਾਣ ਦੀ ਸੂਚਨਾ ਆਈ ਹੈ। ਅਮਰੀਕਾ ਦੀ ਇਸ ਘੋਸ਼ਣਾ ਦੇ ਬਾਅਦ ਸਾਊਦੀ ਅਰਬ ਨੇ ਹਮਜਾ ਬਿਨ ਲਾਦੇਨ ਦੀ ਨਾਗਰਿਕਤਾ ਰੱਦ ਕਰ ਦਿੱਤੀ ਸੀ। ਅਲ ਕਾਇਦਾ ਦੇ ਸਰਗਨਾ ਰਹੇ ਓਸਾਮਾ ਬਿਨ ਲਾਦੇਨ ਦੇ ਬੇਟੇ ਹਮਜਾ ਬਿਨ ਲਾਦੇਨ ਨੇ ਪਿਛਲੇ ਦਿਨੀਂ ਵਿਆਹ ਕਰ ਲਿਆ ਸੀ। 

ਹਮਜਾ ਨੇ ਇਹ ਵਿਆਹ ਕਿਸੇ ਹੋਰ ਨਾਲ ਨਹੀਂ ਸਗੋਂ 9/11 ਅੱਤਵਾਦੀ ਹਮਲੇ ਲਈ ਜਹਾਜ਼ ਹਾਈਜੈਕ ਕਰਨ ਵਾਲੇ ਮੁਹੰਮਦ ਅਤਾ ਦੀ ਧੀ ਨਾਲ ਕਰਵਾਇਆ ਸੀ। ਓਸਾਮਾ ਦੇ ਪਰਿਵਾਰ ਨੇ ਵੀ ਇਸ ਦੀ ਪੁਸ਼ਟੀ ਕੀਤੀ ਸੀ। ਹਮਜਾ ਬਿਨ ਲਾਦੇਨ ਓਸਾਮਾ ਦੀਆਂ ਉਨ੍ਹਾਂ 3 ਜਿਊਂਦੀਆਂ ਪਤਨੀਆਂ 'ਚੋਂ ਇਕ ਦਾ ਬੇਟਾ ਹੈ, ਜੋ ਅਮਰੀਕੀ ਅਟੈਕ ਸਮੇਂ ਉਸ ਦੇ ਨਾਲ ਐਬਟਾਬਾਦ 'ਚ ਰਹਿ ਰਹੀ ਸੀ। ਖਬਰਾਂ ਮੁਤਾਬਕ ਹਮਜਾ ਦੀ ਪਤਨੀ ਮਿਸਰ ਦੀ ਨਾਗਰਿਕ ਹੈ। ਓਸਾਮਾ ਬਿਨ ਲਾਦੇਨ ਦੇ ਮਰਨ ਤੋਂ ਬਾਅਦ ਤੋਂ ਉਸ ਦੀਆਂ ਪਤਨੀਆਂ ਤੇ ਬੱਚੇ ਸਾਊਦੀ ਅਰਬ ਵਾਪਸ ਆ ਗਏ ਸਨ, ਜਿੱਥੇ ਉਨ੍ਹਾਂ ਨੂੰ ਸਾਬਕਾ ਸ਼ਹਿਜ਼ਾਦੇ ਮੁਹੰਮਦ ਬਿਨ ਨਾਏਫ ਨੇ ਸ਼ਰਣ ਦਿੱਤੀ ਸੀ। ਓਸਾਮਾ ਦੀਆਂ ਪਤਨੀਆਂ ਅਤੇ ਉਸ ਦੇ ਬੱਚਿਆਂ ਨੇ ਲਗਾਤਾਰ ਲਾਦੇਨ ਦੀ ਮਾਂ ਆਲੀਆ ਘਾਨੇਮ ਨਾਲ ਸੰਪਰਕ ਬਣਾ ਕੇ ਰੱਖਿਆ।


Related News