ਇੰਡੋਜ਼ ਸਾਹਿਤ ਸਭਾ ਬ੍ਰਿਸਬੇਨ ਵਲੋਂ ਵਿਚਾਰ ਗੋਸ਼ਟੀ ਤੇ ਸਨਮਾਨ ਸਮਾਰੋਹ ਆਯੋਜਿਤ

04/06/2018 3:42:39 PM

ਬ੍ਰਿਸਬੇਨ, (ਸੁਰਿੰਦਰਪਾਲ ਸਿੰਘ ਖੁਰਦ)—  ਅੱਜ ਦੇ ਮਸ਼ੀਨੀ ਯੁੱਗ ਵਿਚ ਭਾਵੇਂ ਆਪਣਿਆਂ ਲਈ ਵੀ ਸਮਾਂ ਨਹੀ ਹੈ, ਪਰ ਵਿਦੇਸ਼ਾਂ ਵਿਚ ਪੰਜਾਬ, ਪੰਜਾਬੀ ਤੇ ਸਾਹਿਤ ਨੂੰ ਪਿਆਰ ਕਰਨ ਵਾਲੇ ਪਰਵਾਨੇ ਹਮੇਸ਼ਾਂ ਹੀ ਯਤਨਸ਼ੀਲ ਰਹਿੰਦੇ ਹਨ।ਆਸਟ੍ਰੇਲੀਆ ਦੀ ਨਾਮਵਰ ਸਾਹਿਤਕ ਸੰਸਥਾ ਇੰਡੋਜ਼ ਸਾਹਿਤ ਸਭਾ ਬ੍ਰਿਸਬੇਨ ਵਲੋਂ ਅਜੋਕੇ ਸਮੇ ਵਿੱਚ ਮੀਡੀਏ ਦੀ ਭੂਮਿਕਾ, ਮਾਂ-ਬੋਲੀ, ਪਰਵਾਸ ਤੇ ਪੰਜਾਬ ਦੇ ਚੰਲਤ ਮਸਲਿਆਂ 'ਤੇ ਵਿਸ਼ੇਸ਼ ਤੌਰ 'ਤੇ ਵਿਚਾਰ ਗੋਸ਼ਟੀ ਅਤੇ ਪੰਜਾਬੀ ਸਿਨੇਮੇ ਦੀ ਨਾਮਵਰ ਸਖਸ਼ੀਅਤ ਅਮਨ ਖਟਕੜ ਜੋ ਨਿੱਜੀ ਚੈਨਲ ਦੇ ਡਾਇਰੈਕਟਰ ਹਨ, ਦਾ ਰੂਬਰੂ ਤੇ ਸਨਮਾਨ ਸਮਾਰੋਹ ਇੰਡੋਜ਼ ਲਾਇਬਰੇਰੀ ਇਨਾਲਾ ਵਿਖੇ ਆਯੋਜਿਤ ਕੀਤਾ ਗਿਆ।ਇਸ ਸਮਾਰੋਹ ਦੇ ਪ੍ਰਧਾਨਗੀ ਮੰਡਲ ਵਿੱਚ ਅਮਨ ਖਟਕੜ, ਡਾ. ਤਰਸੇਮ ਸਿੰਘ ਪ੍ਰੋਫੈਸਰ ਲਾਇਲਪੁਰ ਖਾਲਸਾ ਕਾਲਜ, ਪ੍ਰਧਾਨ ਅਮਰਜੀਤ ਸਿੰਘ ਮਾਹਲ, ਰਛਪਾਲ ਸਿੰਘ ਹੇਅਰ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।

PunjabKesari
ਸਮਾਰੋਹ ਦੇ ਸ਼ੁਰੂਆਤ ਵਿੱਚ ਅਦਾਰਾ 'ਪੰਜਾਬ' ਦੇ ਸੰਪਾਦਕ ਤੇ ਸਮਾਜਸੇਵੀ ਮਨਜੀਤ ਬੋਪਾਰਾਏ ਨੇ ਇਡੋਜ਼ ਹੋਲਡਿੰਗਜ ਗਰੁੱਪ ਵਲੋਂ ਪੰਜਾਬ ਅਤੇ ਪੰਜਾਬੀਅਤ ਨੂੰ ਵਿਦੇਸ਼ਾਂ ਵਿੱਚ ਪ੍ਰਫੁੱਲਿਤ ਕਰਨ ਕੀਤੇ ਜਾ ਰਹੇ ਯਤਨਾ ਬਾਰੇ ਚਾਨਣਾ ਪਾਇਆ।ਡਾ. ਤਰਸੇਮ ਸਿੰਘ ਪੱਲੀ ਝਿੱਕੀ ਨੇ ਕਿਹਾ ਕਿ ਪ੍ਰਵਾਸੀ ਪੰਜਾਬੀਆਂ ਨੇ ਜਿੱਥੇ ਦੇਸ਼ ਦੀ ਅਜ਼ਾਦੀ ਲਈ ਕੁਰਬਾਨੀਆਂ ਦਿੱਤੀਆ ਉੱਥੇ ਮਾਂ-ਬੋਲੀ ਪੰਜਾਬੀ ਤੇ ਸੱਭਿਆਚਾਰ ਨੂੰ ਸੱਤ ਸਮੁੰਦਰਾਂ ਦੀ ਬੋਲੀ ਬਣਾਉਣ ਵਿੱਚ ਵੀ ਅਹਿਮ ਭੂਮਿਕਾ ਨਿਭਾਅ ਰਹੇ ਹਨ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬੀ ਮੇਲਿਆ ਵਿੱਚ ਪਰਿਵਾਰਾ ਦੀ ਸ਼ਮੂਲੀਅਤ ਮਾਂ-ਬੋਲੀ ਅਤੇ ਸੱਭਿਆਚਾਰ ਲਈ ਸ਼ੁਭ ਸੰਕੇਤ ਹੈ। ਉਪਰੰਤ ਮੁੱਖ ਮਹਿਮਾਨ ਅਮਨ ਖਟਕੜ ਨੇ ਹਾਜ਼ਰੀਨ ਨਾਲ ਰੂਬਰੂ ਹੁੰਦਿਆਂ ਆਪਣੀ ਜਿੰਦਗੀ ਦੀ ਤੱਲਖ ਸੱਚਾਈਆ, ਪਰਵਾਸ, ਪੰਜਾਬੀ ਸਿਨੇਮੇ, ਨਿੱਜੀ ਚੈਨਲ ਦੇ ਸਰੋਕਾਰਾਂ ਅਤੇ ਪੰਜਾਬ ਦੇ ਅਜੋਕੇ ਰਾਜਨੀਤਕ, ਸਮਾਜਿਕ ਤੇ ਆਰਥਿਕ ਹਲਾਤ ਦੇ ਨਿਘਾਰ ਵੱਲ ਨੂੰ ਜਾਣ 'ਤੇ ਡੂੰਘੀ ਚਿੰਤਾ ਦਾ ਪ੍ਰਗਟਾਵਾ ਕੀਤਾ ਤੇ ਨਾਲ ਹੀ ਕਿਹਾ ਕਿ ਸਰਕਾਰਾਂ ਦੇ ਨਾਲ ਨਾਲ ਸਾਨੂੰ ਖੁਦ ਵੀ ਦੇਸ਼ ਦੇ ਜਿੰਮੇਦਾਰ ਨਾਗਰਿਕ ਬਣ ਕੇ ਆਪਣੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਸਾਂਝੇ ਯਤਨ ਕਰਨੇ ਚਾਹੀਦੇ ਹਨ।ਉਨ੍ਹਾਂ ਆਸਟ੍ਰੇਲੀਆਈ ਸਿੱਖ ਖੇਡਾਂ ਦੇ ਸਫਲ ਆਯੋਜਨ ਤੇ ਉਮਦਾ ਪ੍ਰਬੰਧਾ ਲਈ ਪ੍ਰਬੰਧਕੀ ਕਮੇਟੀ ਤੇ ਪੰਜਾਬੀ ਭਾਈਚਾਰੇ ਨੂੰ ਵਧਾਈ ਦਿੱਤੀ।ਅਮਨ ਖਟਕੜ ਨੇ ਹਾਜ਼ਰੀਨ ਨਾਲ ਸੰਵਾਦ ਕਰਦਿਆਂ ਸਵਾਲਾਂ ਦੇ ਜਵਾਬ ਵੀ ਬਹੁਤ ਹੀ ਉਸਾਰੂ ਢੰਗ ਨਾਲ ਦਿੱਤੇ।ਇੰਡੋਜ਼ ਸਾਹਿਤ ਸਭਾ ਦੇ ਅਹੁਦੇਦਾਰਾਂ ਵਲੋਂ ਅਮਨ ਖਟਕੜ ਨੂੰ ਮੀਡੀਆ ਅਤੇ ਪੰਜਾਬੀ ਫ਼ਿਲਮਾਂ ਰਾਹੀਂ ਪੰਜਾਬੀਅਤ ਦੇ ਪਸਾਰ ਲਈ ਪਾਏ ਜਾ ਰਹੇ ਵਡਮੁੱਲੇ ਯੋਗਦਾਨ ਲਈ ਵਿਸ਼ੇਸ਼ ਸਨਮਾਨ ਦੇ ਕੇ ਸਨਮਾਨਿਤ ਕੀਤਾ ਗਿਆ।ਮੰਚ ਦਾ ਸੰਚਾਲਨ ਸਭਾ ਦੇ ਜਨਰਲ ਸਕੱਤਰ ਸਰਬਜੀਤ ਸੋਹੀ ਵਲੋਂ ਬਾਖੂਬੀ ਨਿਭਾਇਆ ਗਿਆ।ਇਸ ਸਾਦੇ ਤੇ ਪ੍ਰਭਾਵਸ਼ਾਲੀ ਸਮਾਗਮ ਵਿੱਚ ਨਵਦੀਪ ਸਿੰਘ ਗਰੀਨਜ਼ ਪਾਰਟੀ, ਗੁਰਵਿੰਦਰ ਸਿੰਘ ਖੱਟੜਾ, ਦਲਵੀਰ ਹਲਵਾਰਵੀ, ਵਿਜੇ ਗਰੇਵਾਲ, ਬਲਵਿੰਦਰ ਮੋਰੋ, ਦਲਜੀਤ ਸਿੰਘ, ਅਜੈਪਾਲ ਸਿੰਘ, ਪਰਵਿੰਦਰ ਸਿੰਘ, ਜੋਤ ਅਟਵਾਲ, ਰੁਪਿੰਦਰ ਸੋਜ਼, ਹਰਪ੍ਰੀਤ ਕੋਹਲੀ, ਸੁਰਜੀਤ, ਸੰਧੂ, ਨਗਿੰਦਰ ਧਾਲੀਵਾਲ, ਹਰਦੀਪ ਵਾਗਲਾ ਅਤੇ ਅਮਨਦੀਪ ਕੌਰ ਆਦਿ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।


Related News