ਹਾਕੀ ਦੀਆਂ ਪ੍ਰਤਿਭਾਵਾਂ ਦਾ ਸਨਮਾਨ ਭਲਕੇ
Saturday, Mar 30, 2024 - 08:18 PM (IST)
ਨਵੀਂ ਦਿੱਲੀ– ਹਾਕੀ ਦੀਆਂ ਧਾਕੜ ਹਸਤੀਆਂ ਦੀ ਮੌਜੂਦਗੀ ਵਿਚ ਕੱਲ੍ਹ ਭਾਵ ਐਤਵਾਰ ਨੂੰ ਇੱਥੇ ਭਾਰਤੀ ਹਾਕੀ ਦੇ ਪ੍ਰਤਿਭਾਸ਼ਾਲੀ ਖਿਡਾਰੀਆਂ ਨੂੰ ਉਨ੍ਹਾਂ ਦੇ ਸ਼ਲਾਘਾਯੋਗ ਯੋਗਦਾਨ ਲਈ ਹਾਕੀ ਇੰਡੀਆ ਦੇ ਸਾਲਾਨਾ ਐਵਾਰਡਾਂ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ਸਾਲ ਦੇ ਐਵਾਰਡ ਸਮਾਰੋਹ ਵਿਚ ਕੁਲ ਇਨਾਮੀ ਰਾਸ਼ੀ 7 ਕਰੋੜ 57 ਲੱਖ ਰੁਪਏ ਰੱਖੀ ਗਈ ਹੈ। 8 ਸ਼੍ਰੇਣੀਆਂ ਵਿਚ ਦਿੱਤੇ ਜਾਣ ਵਾਲੇ ਇਨ੍ਹਾਂ ਐਵਾਰਡਾਂ ਲਈ 32 ਖਿਡਾਰੀਆਂ ਨੂੰ ਸ਼ਾਰਟਲਿਸਟ ਕੀਤਾ ਗਿਆ ਹੈ। ਇਨ੍ਹਾਂ ਖਿਡਾਰੀਆਂ ਦੇ 2023 ਕੈਲੰਡਰ ਸਾਲ ਵਿਚ ਭਾਰਤੀ ਹਾਕੀ ਵਿਚ ਉਨ੍ਹਾਂ ਦੇ ਯੋਗਦਾਨ ਲਈ ਸ਼ਲਾਘਾ ਕੀਤੀ ਜਾਵੇਗੀ।
ਐਵਾਰਡ ਸਮਾਰੋਹ ’ਚ ਓਲੰਪੀਅਨ ਰਘਬੀਰ ਲਾਲ, ਏ. ਐੱਸ. ਬਖਸ਼ੀ, ਹਰਬਿੰਦਰ ਸਿੰਘ, ਅਸ਼ੋਕ ਦੀਵਾਨ, ਜਫਰ ਇਕਬਾਲ, ਅਜੀਤਪਾਲ ਸਿੰਘ, ਰੋਮੀਓ ਜੇਮਸ, ਜਗਬੀਰ ਸਿੰਘ, ਐੱਮ. ਪੀ. ਸਿੰਘ ਤੇ ਵਿਨੀਤ ਕੁਮਾਰ ਵਰਗੀਆਂ ਧਾਕੜ ਹਸਤੀਆਂ ਸ਼ਾਮਲ ਹੋਣਗੀਆਂ, ਉੱਥੇ ਹੀ, ਹਾਕੀ ਇੰਡੀਆ ਦੇ ਮੁਖੀ ਡਾ. ਦਿਲੀਪ ਟਿਰਕੀ, ਜਨਰਲ ਸਕੱਤਰ ਭੋਲਾ ਨਾਥ ਸਿੰਘ ਤੇ ਖਜ਼ਾਨਚੀ ਸ਼ੇਖਰ ਜੇ. ਮਨੋਹਰਨ ਦੀ ਮੌਜੂਦਗੀ ਵੀ ਖਿੱਚ ਦਾ ਕੇਂਦਰ ਰਹੇਗੀ।