‘ਮੈਮੋਰੀਅਲ ਡੇਅ ਪਰੇਡ’ ਦਾ ਆਯੋਜਨ, ਸ਼ਹੀਦ ਹੋਏ ਅਮਰੀਕੀ ਅਤੇ ਸਿੱਖ ਫ਼ੌਜੀਆਂ ਨੂੰ ਦਿੱਤੀ ਗਈ ਸ਼ਰਧਾਂਜਲੀ (ਤਸਵੀਰਾਂ)

Sunday, Jun 04, 2023 - 11:13 AM (IST)

‘ਮੈਮੋਰੀਅਲ ਡੇਅ ਪਰੇਡ’ ਦਾ ਆਯੋਜਨ, ਸ਼ਹੀਦ ਹੋਏ ਅਮਰੀਕੀ ਅਤੇ ਸਿੱਖ ਫ਼ੌਜੀਆਂ ਨੂੰ ਦਿੱਤੀ ਗਈ ਸ਼ਰਧਾਂਜਲੀ (ਤਸਵੀਰਾਂ)

ਡੇਟਨ (ਰਾਜ ਗੋਗਨਾ)- ਅਮਰੀਕੀ ਅਤੇ ਸਿੱਖ ਫ਼ੌਜੀਆਂ ਨੂੰ ਯਾਦ ਕਰਨ ਲਈ ਅਮਰੀਕਾ 'ਚ ਹਰ ਸਾਲ ‘ਮੈਮੋਰੀਅਲ ਡੇਅ’ ਮਨਾਇਆ ਜਾਂਦਾ ਹੈ ਤੇ ਇਸ ਦਿਨ ਕੌਮੀ ਛੁੱਟੀ ਹੁੰਦੀ ਹੈ। ਅਮਰੀਕਾ ਦੇ ਹੋਰਨਾਂ ਸ਼ਹਿਰਾਂ ਵਾਂਗ ਓਹਾਇਹੋ ਸੂਬੇ ਦੇ ਸ਼ਹਿਰ ਸਪਰਿੰਗਫੀਲਡ ਵਿਖੇ ਵੀ ਇਹ ਦਿਨ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਇੱਥੋਂ ਦੀ ਬਹੁਤ ਹੀ ਪ੍ਰਸਿੱਧ ਸਲਾਨਾ ਪਰੇਡ ਦਾ ਆਯੋਜਨ ਕੀਤਾ ਗਿਆ। ਜੱਦ 4 ਕਿਲੋਮੀਟਰ ਲੰਬੀ ਪਰੇਡ ਸ਼ਹਿਰ ਦੇ ਵੱਖ-ਵੱਖ ਬਜ਼ਾਰਾਂ 'ਚੋਂ ਲੰਘੀ ਤਾਂ ਸੜਕ ਦੇ ਦੋਵੇਂ ਪਾਸੇ ਖੜ੍ਹੇ ਸ਼ਹਿਰੀਆਂ ਨੇ ਹੱਥਾਂ 'ਚ ਅਮਰੀਕੀ ਝੰਡੇ ਲੈ ਕੇ ਉਸ ਨੂੰ ਜੀ ਆਇਆਂ ਕਿਹਾ। ਵੱਖ-ਵੱਖ ਵਿਭਾਗਾਂ, ਜਥੇਬੰਦੀਆਂ, ਵਿਦਿਅਕ ਤੇ ਧਾਰਮਕ ਅਦਾਰਿਆਂ ਦੀਆ ਝਲਕੀਆਂ ਇਸ ਪਰੇਡ ਦੀ ਵਿਸ਼ੇਸ਼ ਖਿੱਚ ਸਨ। ਫ਼ੌਜ ਦੀਆਂ ਜੀਪਾਂ, ਫਾਇਰ ਟਰੱਕ, ਮੋਟਰਸਾਈਕਲ, ਅਣਗਿਣਤ ਵਾਹਨ ਇਸ ਪਰੇਡ ਦਾ ਹਿੱਸਾ ਸਨ। ਪਰੇਡ ਵਿਚ ਬਹੁਤ ਸਾਰੇ ਵਾਹਨਾਂ ਉੱਪਰ ਇੱਥੋਂ ਦੇ ਸ਼ਹੀਦਾਂ ਦੀਆਂ ਤਸਵੀਰਾਂ ਅਤੇ ਪੋਸਟਰ ਲਾ ਕੇ ਉਹਨਾਂ ਨੂੰ ਯਾਦ ਕੀਤਾ ਗਿਆ। ਸੜਕਾਂ ਕੰਢੇ ਹਜ਼ਾਰਾਂ ਲੋਕ ਪਰਿਵਾਰ ਸਮੇਤ ਅਮਰੀਕਾ ਦੇ ਝੰਡੇ ਦੇ ਰੰਗ ਨਾਲ ਮੇਚ ਕਰਦੇ ਲਾਲ, ਚਿੱਟੇ,ਅਤੇ ਨੀਲੇ ਕੱਪੜੇ ਪਾ ਕੇ ਇਨ੍ਹਾਂ ਦੇ ਸੁਆਗਤ ਲਈ ਬੈਠੇ ਸਨ।

PunjabKesari

PunjabKesari

ਅਮਰੀਕਨ ਝੰਡਿਆਂ, ਬੈਨਰਾਂ, ਪੋਸਟਰਾਂ ਨਾਲ ਸਜਾਈਆਂ ਸਿੱਖ ਝਾਕੀਆਂ ਵੀ ਇਸ ਪਰੇਡ ਵਿੱਚ ਖਿੱਚ ਦਾ ਕੇਂਦਰ ਰਹੀਆਂ। ਇਹਨਾਂ ਉੱਪਰ ਵਿਸ਼ਵ ਯੁੱਧਾਂ ਦੌਰਾਨ ਸ਼ਹੀਦ ਹੋਏ ਸਿੱਖ ਫ਼ੌਜੀਆਂ ਬਾਰੇ ਜਾਣਕਾਰੀ ਦਿੱਤੀ ਗਈ। ਤਸਵੀਰਾਂ ਦਾ ਪ੍ਰਦਰਸ਼ਨ ਤੇ ਸ਼ੁਭ-ਕਾਮਨਾਵਾਂ ਭੇਟ ਕੀਤੀਆਂ ਗਈਆਂ। ਇਹ ਪਰੇਡ ਜੱਦ ਬਜਾਰਾਂ ਵਿੱਚੋਂ ਲੰਘੀ, ਤਾਂ ਹਮੇਸ਼ਾਂ ਦੀ ਤਰ੍ਹਾਂ ਸਿੱਖ ਝਾਕੀ ਦਾ ਸੜਕ ਕੰਢੇ ਖੜੇ ਅਤੇ ਬੈਠੇ ਹਜ਼ਾਰਾਂ ਸ਼ਹਿਰੀਆਂ ਨੇ ਹੱਥਾਂ ਵਿੱਚ ਅਮਰੀਕੀ ਝੰਡੇ ਲੈ ਕੇ ਹੱਥ ਹਿਲਾ ਕੇ ਨਿੱਘਾ ਸਵਾਗਤ ਕੀਤਾ ਅਤੇ ਉਹ ‘ਮਿਸਟਰ ਸਿੰਘ, ਹੈਪੀ ਮੈਮੋਰੀਅਲ ਡੇਅ’ ਵੀ ਕਹਿ ਰਹੇ ਸਨ।

PunjabKesari

ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ ਦੇ ਇਸ ਸੂਬੇ 'ਚ ਸਿੱਖਾਂ ਨੂੰ ਬਿਨਾਂ ਹੈਲਮੇਟ ਦੇ ਬਾਈਕ ਚਲਾਉਣ ਦੀ ਮਿਲੀ ਇਜਾਜ਼ਤ

ਪਿਛਲੇ 25 ਸਾਲਾਂ ਤੋਂ ਸਪਰਿੰਗਫੀਲਡ ਦੇ ਸਮਾਜ ਸੇਵੀ ਅਵਤਾਰ ਸਿੰਘ, ਉਹਨਾਂ ਦੀ ਪਤਨੀ ਸਰਬਜੀਤ ਕੌਰ ਤੇ ਬੱਚੇ ਲਗਾਤਾਰ ਇਸ ਪਰੇਡ ਦਾ ਹਿੱਸਾ ਬਣਦੇ ਆ ਰਹੇ ਹਨ। ਉਹਨਾਂ ਵਲੋਂ ਕਈ ਵਰ੍ਹਿਆਂ ਪਹਿਲਾਂ ਕੀਤੇ ਗਏ ਇਸ ਉਦਮ ਨਾਲ ਹੁਣ ਸਿੱਖ ਸੋਸਾਇਟੀ ਆਫ ਡੇਟਨ ਦੀ ਸੰਗਤ, ਨਾਲ ਲੱਗਦੇ ਸ਼ਹਿਰ ਸਿਨਸਿਨਾਟੀ, ਕੋਲੰਬਸ ਅਤੇ ਇੰਡੀਆਣਾ ਸੂਬੇ ਤੋਂ ਵੀ ਵੱਡੀ ਗਿਣਤੀ ਵਿੱਚ ਸਿੱਖਭਾਈਚਾਰਾ ਵੀ ਇਸ ਵਿੱਚ ਭਾਗ ਲੈਂਦਾ ਹੈ। ਸਰਬਜੀਤ ਕੌਰ ਅਤੇ ਅਵਤਾਰ ਸਿੰਘ ਨੇ ਦੱਸਿਆ ਕਿ ਉਹ ਪਹਿਲੀ ਵਾਰ 1999 ਵਿਚ ਪਰਿਵਾਰ ਸਮੇਤ ਇਸ ਪਰੇਡ ਵਿੱਚ ਸ਼ਾਮਲ ਹੋਏ ਸਨ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News