ਇਸਲਾਮਿਕ ਸਟੇਟ ਦੇ ''ਬੀਟਲਸ'' ਗੈਂਗ ਦੇ ਦੋ ਸ਼ੱਕੀ ਗ੍ਰਿਫਤਾਰ

02/09/2018 12:23:27 PM

ਵਾਸ਼ਿੰਗਟਨ (ਬਿਊਰੋ)— ਅਮਰੀਕੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਦੇ ਦੋ ਕਥਿਤ ਬ੍ਰਿਟਿਸ਼ ਮੈਂਬਰਾਂ ਨੂੰ ਸੀਰੀਆਈ ਕੁਰਦਿਸ਼ ਫੌਜੀਆਂ ਨੇ ਫੜਿਆ ਹੈ। ਫੜੇ ਗਏ ਕਥਿਤ ਬ੍ਰਿਟਿਸ਼ ਨਾਗਰਿਕਾਂ ਦੇ ਨਾਂ ਅਲੈਗਜੈਂਡਰ ਕੋਟੇ (34) ਅਤੇ ਅਲ ਸ਼ਫੀ ਅਲ ਸ਼ੇਖ (29) ਹੈ। ਇਹ ਦੋਵੇਂ ਕਥਿਤ ਇਸਲਾਮਿਕ ਸਟੇਟ ਲਈ ਕੰਮ ਕਰ ਰਹੇ 4 ਮੈਂਬਰੀ ਗੈਂਗ ਦੇ ਮੈਂਬਰ ਸਨ ਅਤੇ ਲੰਡਨ ਦੇ ਰਹਿਣ ਵਾਲੇ ਸਨ। ਉਨ੍ਹਾਂ ਨੇ ਇਸ ਗੈਂਗ ਦਾ ਨਾਂ 'ਬੀਟਲਸ' ਰੱਖਿਆ ਸੀ। ਅਮਰੀਕੀ ਅਧਿਕਾਰੀਆਂ ਦਾ ਕਹਿਣਾ ਹੈ ਕਿ 'ਮੌਤ ਦੇ ਘਾਟ ਉਤਾਰਨ ਵਾਲੇ' ਇਸ ਗੈਂਗ ਨੇ ਪੱਛਮੀ ਦੇਸ਼ਾਂ ਦੇ 27 ਤੋਂ ਜ਼ਿਆਦਾ ਬੰਧਕਾਂ ਦੇ ਸਿਰ ਕਲਮ ਕੀਤੇ ਸਨ ਅਤੇ ਕਈਆਂ ਨੂੰ ਸਖਤ ਤਸੀਹੇ ਦਿੱਤੇ ਸਨ। ਇਸ ਗੈਂਗ ਦਾ ਮਾਸਟਰਮਾਈਂਡ ਮੁਹੰਮਦ ਐਮਵਾਜ਼ੀ ਸੀ, ਜਿਸ ਨੂੰ ਜਿਹਾਦੀ ਜੌਨ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਉਸ ਦੀ ਮੌਤ ਸਾਲ 2015 ਵਿਚ ਹਵਾਈ ਹਮਲਿਆਂ ਦੌਰਾਨ ਹੋਈ ਸੀ। ਗੈਂਗ ਦੇ ਇਕ ਹੋਰ ਦੋਸ਼ੀ ਆਈਨ ਡੇਵਿਸ ਨੂੰ ਬੀਤੇ ਸਾਲ ਤੁਰਕੀ ਵਿਚ ਅੱਤਵਾਦ ਦੇ ਦੋਸ਼ ਵਿਚ ਜੇਲ ਦੀ ਸਜ਼ਾ ਦਿੱਤੀ ਗਈ ਸੀ। ਅਮਰੀਕੀ ਅਧਿਕਾਰੀਆਂ ਨੇ ਇਨ੍ਹਾਂ ਦੋ ਸ਼ੱਕੀਆਂ ਦੀ ਗ੍ਰਿਫਤਾਰੀ ਦੀ ਪੁਸ਼ਟੀ ਕੀਤੀ ਹੈ ਪਰ ਬ੍ਰਿਟੇਨ ਦੇ ਵਿਦੇਸ਼ ਵਿਭਾਗ ਨੇ ਇਸ ਮਾਮਲੇ ਵਿਚ ਕੋਈ ਪ੍ਰਤੀਕਿਰਿਆ ਦੇਣ ਤੋਂ ਇਨਕਾਰ ਕੀਤਾ ਹੈ।


Related News