ਆਉਣ ਵਾਲੀਆਂ ਚੋਣਾਂ ਜੱਜਾਂ ਦੇ ਫੈਸਲੇ ਵਿਰੁੱਧ ਰਾਇਸ਼ੁਮਾਰੀ : ਸ਼ਰੀਫ
Sunday, Jan 21, 2018 - 12:25 PM (IST)

ਇਸਲਾਮਾਬਾਦ (ਵਾਰਤਾ)— ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਅਤੇ ਪਾਕਿਸਤਾਨ ਮੁਸਲਿਮ ਲੀਗ ਦੇ ਨੇਤਾ ਨਵਾਜ਼ ਸ਼ਰੀਫ ਨੇ ਕਿਹਾ ਹੈ ਕਿ ਇਸ ਸਾਲ ਹੋਣ ਵਾਲੀਆਂ ਆਮ ਚੋਣਾਂ ਵਿਚ ਉਨ੍ਹਾਂ ਦੀ ਪਾਰਟੀ ਜਿੱਤ ਕੇ ਦੁਬਾਰਾ ਸੱਤਾ ਵਿਚ ਆਵੇਗੀ ਅਤੇ ਇਹ ਜਿੱਤ ਉਨ੍ਹਾਂ ਨੂੰ ਅਯੋਗ ਕਰਾਰ ਦਿੱਤੇ ਗਏ ਸੁਪਰੀਮ ਕੋਰਟ ਦੇ ਪੰਜ ਜੱਜਾਂ ਦੇ ਫੈਸਲੇ ਵਿਰੁੱਧ ਇਕ ਤਰ੍ਹਾਂ ਨਾਲ ਰਾਇਸ਼ੁਮਾਰੀ ਸਾਬਤ ਹੋਵੇਗੀ। ਸ਼ਰੀਫ ਨੇ ਕੱਲ ਇਕ ਜਨਤਕ ਸਭਾ ਨੂੰ ਸੰਬੋਧਿਤ ਕਰਦੇ ਹੋਏ ਕਿਹਾ,''ਇਹ ਚੁਣਾਵੀ ਜਿੱਤ ਸੁਪਰੀਮ ਕੋਰਟ ਦੇ ਪੰਜ ਜੱਜਾਂ ਵੱਲੋਂ ਮੈਨੂੰ ਅਯੋਗ ਕਰਾਰ ਦਿੱਤੇ ਜਾਣ ਦੇ ਫੈਸਲੇ ਨੂੰ ਲੈ ਕੇ ਰਾਇਸ਼ੁਮਾਰੀ ਹੋਵੇਗੀ। ਦੇਸ਼ ਦੀ ਜਨਤਾ ਨੇ ਮੈਨੂੰ ਆਪਣੀ ਵੋਟਿੰਗ ਜ਼ਰੀਏ ਚੁਣ ਕੇ ਸੱਤਾ ਸੌਂਪੀ ਸੀ ਪਰ ਉਨ੍ਹਾਂ ਜੱਜਾਂ ਨੇ ਪਨਾਮਾ ਪੇਪਰ ਲੀਕ ਮਾਮਲੇ ਵਿਚ ਨਹੀਂ ਬਲਕਿ ਵਿਦੇਸ਼ੀ ਨਾਗਰਿਕਤਾ ਦੇ ਆਧਾਰ 'ਤੇ ਮੈਨੂੰ ਅਯੋਗ ਕਰਾਰ ਦਿੱਤਾ ਹੈ।'' ਉਨ੍ਹਾਂ ਨੇ ਕਿਹਾ ਕਿ ਉਹ ਵਿਕਾਸ ਅਤੇ ਲੋਕਾਂ ਦੇ ਕਲਿਆਣ ਦੇ ਏਜੰਡੇ ਨੂੰ ਲੈ ਕੇ ਕੰਮ ਕਰ ਰਹੇ ਸਨ। ਉਨ੍ਹਾਂ ਦੇ ਏਜੰਡੇ ਵਿਚ ਸੜਕਾਂ ਦਾ ਨਿਰਮਾਣ ਕਰ ਕੇ ਸ਼ਹਿਰਾਂ ਵਿਚਕਾਰ ਦੂਰੀ ਨੂੰ ਘੱਟ ਕਰਨਾ, ਉਦਯੋਗੀਕਰਨ ਦੇ ਜ਼ਰੀਏ ਨੌਜਵਾਨਾਂ ਲਈ ਰੋਜ਼ਗਾਰ ਦੇ ਮੌਕੇ ਪੈਦਾ ਕਰਨਾ ਅਤੇ ਊਰਜਾ ਸੰਕਟ ਨੂੰ ਦੂਰ ਕਰਨਾ ਸ਼ਾਮਲ ਸੀ ਪਰ ਸੁਪਰੀਮ ਕੋਰਟ ਦੇ ਪੰਜ ਜੱਜਾਂ ਨੇ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਹਟਾ ਦਿੱਤਾ। ਉਨ੍ਹਾਂ ਨੇ ਕਿਹਾ ਕਿ ਦੇਸ਼ ਵਿਚ ਘੱਟ ਆਮਦਨ ਵਾਲੇ ਲੋਕਾਂ ਲਈ ਆਵਾਸ ਦੀ ਵੱਡੀ ਸਮੱਸਿਆ ਹੈ। ਇਸ ਲਈ ਬੇਘਰ ਲੋਕਾਂ ਨੂੰ 5 ਤੋਂ 10 ਸਾਲ ਦੀਆਂ ਆਸਾਨ ਕਿਸਤਾਂ 'ਤੇ ਆਵਾਸ ਮੁੱਹਈਆ ਕਰਾਉਣ ਦੀ ਉਨ੍ਹਾਂ ਦੀ ਯੋਜਨਾ ਸੀ। ਸ਼ਰੀਫ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਆਉਣ ਵਾਲੀਆਂ ਚੋਣਾਂ ਦੇ ਬਾਅਦ ਜਿੱਤ ਕੇ ਫਿਰ ਤੋਂ ਸੱਤਾ ਵਿਚ ਆਵੇਗੀ ਅਤੇ ਦੇਸ਼ ਵਿਚ ਬੇਘਰ ਲੋਕਾਂ ਲਈ ਆਵਾਸ ਯੋਜਨਾ ਨਾਲ ਵਿਕਾਸ ਦੇ ਏਜੰਡੇ ਨੂੰ ਅੱਗੇ ਵਧਾਏਗੀ।