ਓਂਟਾਰੀਓ ਦੇ ਇਨ੍ਹਾਂ ਖੇਤਰਾਂ ''ਚ ਫਿਰ ਸਖ਼ਤੀ, ਬਾਹਰ ਖਾਣ-ਪੀਣ ''ਤੇ ਪਾਬੰਦੀ, ਜਿੰਮ ਵੀ ਬੰਦ

10/11/2020 10:20:31 AM

ਬਰੈਂਪਟਨ : ਓਂਟਾਰੀਓ ਸਰਕਾਰ ਨੇ ਕੋਵਿਡ-19 ਦੇ ਵੱਧ ਰਹੇ ਮਾਮਲਿਆਂ ਕਾਰਨ ਟੋਰਾਂਟੋ, ਓਟਾਵਾ ਅਤੇ ਪੀਲ ਰੀਜਨ (ਬਰੈਂਪਟਨ, ਮਿਸੀਗਾਗਾ, ਕੈਲੇਡੋਨ) ਵਿਚ ਸਖ਼ਤੀ ਕਰ ਦਿੱਤੀ ਹੈ। ਇਨ੍ਹਾਂ ਨੂੰ ਦੁਬਾਰਾ ਸਟੇਜ 2 ਵਿਚ ਸ਼ਾਮਲ ਕਰ ਦਿੱਤਾ ਗਿਆ ਹੈ, ਯਾਨੀ ਸਟੇਜ-2 ਵਿਚ ਜੋ-ਜੋ ਪਾਬੰਦੀਆਂ ਪਹਿਲਾਂ ਲਾਗੂ ਸਨ, ਉਹ ਦੁਬਾਰਾ ਪ੍ਰਭਾਵੀ ਹੋ ਗਈਆਂ ਹਨ। ਮੁੱਖ ਸਿਹਤ ਅਧਿਕਾਰੀ ਡਾਕਟਰ ਡੇਵਿਡ ਵਿਲੀਅਮਜ਼ ਨੇ ਇਨ੍ਹਾਂ ਬਾਰੇ ਜਾਣਕਾਰੀ ਦਿੱਤੀ। ਇਹ ਪਾਬੰਦੀਆਂ 10 ਅਕਤੂਬਰ ਤੋਂ ਲਾਗੂ ਹੋ ਗਈਆਂ ਹਨ। 

ਹੁਣ ਇਨ੍ਹਾਂ ਇਲਾਕਿਆਂ ਵਿਚ ਰੈਸਟੋਰੈਂਟ, ਬਾਰ ਤੇ ਫੂਡ ਕੋਰਟਸ ਵਿਚ ਲੋਕਾਂ ਨੂੰ ਅੰਦਰ ਬੈਠ ਕੇ ਖਾਣ-ਪੀਣ ਦੀ ਇਜਾਜ਼ਤ ਨਹੀਂ ਹੋਵੇਗੀ। ਹਾਲਾਂਕਿ ਖਾਣ-ਪੀਣ ਦਾ ਸਾਮਾਨ ਡਿਲਿਵਰ ਕੀਤਾ ਜਾ ਸਕਦਾ ਹੈ। ਇਸ ਦੇ ਨਾਲ ਹੀ ਜਿੰਮ, ਫਿਟਨੈੱਸ ਸੈਂਟਰ, ਕੈਸੀਨੋ, ਬਿੰਗੋ ਹਾਲ ਤੇ ਮੂਵੀ ਥਿਏਟਰ ਦੇ ਨਾਲ-ਨਾਲ ਇਨਡੋਰ ਮਨੋਰੰਜਨ ਵੈਨਿਊਜ਼ ਵੀ ਬੰਦ ਹੀ ਰਹਿਣਗੇ। ਇਨਡੋਰ ਪ੍ਰੋਗਰਾਮ ਵਿਚ 10 ਅਤੇ ਆਊਟਡੋਰ ਸਮਾਗਮ ਵਿਚ 25 ਤੋਂ ਵੱਧ ਲੋਕ ਇਕੱਠੇ ਨਹੀਂ ਹੋ ਸਕਦੇ। ਸਪੋਰਟਸ ਟਰੇਨਿੰਗ ਦੇ ਸੈਸ਼ਨ ਵਿਚ ਵੀ ਸੀਮਤ ਲੋਕ ਇਕੱਠੇ ਹੋ ਸਕਣਗੇ ਤੇ ਇਸ ਦੌਰਾਨ ਕੋਈ ਮੈਚ ਨਹੀਂ ਖੇਡਿਆ ਜਾਵੇਗਾ ਤੇ ਕੋਈ ਦਰਸ਼ਕ ਮੌਜੂਦ ਨਹੀਂ ਹੋ ਸਕੇਗਾ। 


ਇਸ ਵਿਚਕਾਰ ਬਰੈਂਪਟਨ ਨੇ ਹੋਰ ਸਖ਼ਤੀ ਵਧਾ ਦਿੱਤੀ ਹੈ। ਜੇਕਰ ਕਿਸੇ ਨੂੰ ਵੀ ਸਮਾਜਕ ਦੂਰੀ ਅਤੇ ਮਾਸਕ ਲਾਉਣ ਵਰਗੇ ਨਿਯਮਾਂ ਸਣੇ ਹੋਰ ਹਿਦਾਇਤਾਂ ਦੀ ਅਣਗਹਿਲੀ ਕਰਦਿਆਂ ਫੜਿਆ ਗਿਆ ਤਾਂ ਉਸ ਵਿਅਕਤੀ ਨੂੰ 500 ਡਾਲਰ ਤੋਂ 1 ਲੱਖ ਡਾਲਰ ਤੱਕ ਦਾ ਜੁਰਮਾਨਾ ਭਰਨਾ ਪੈ ਸਕਦਾ ਹੈ।

ਇਨ੍ਹਾਂ ਸਭ ਵਿਚਕਾਰ ਸਕੂਲਾਂ, ਡੇਅ ਕੇਅਰ ਸੈਂਟਰਾਂ, ਡੈਂਟਲ ਕਲੀਨਕ, ਸੈਲੂਨਜ਼ ਤੇ ਸਪਾ ਸੈਂਟਰਾਂ ਨੂੰ ਬੰਦ ਕਰਨ ਦੀ ਕੋਈ ਯੋਜਨਾ ਨਹੀਂ ਹੈ। ਹਾਲਾਂਕਿ ਸਪਾ ਤੇ ਸੈਲੂਨਜ਼ ਵਿਚ ਜੇਕਰ ਕੋਈ ਕੰਮ ਬਿਨਾਂ ਮਾਸਕ ਦੇ ਹੋਣ ਵਾਲਾ ਹੈ ਤਾਂ ਇਸ 'ਤੇ ਪਾਬੰਦੀ ਰਹੇਗੀ ਕਿਉਂਕਿ ਇੱਥੇ ਕਿਸੇ ਨੂੰ ਵੀ ਮਾਸਕ ਉਤਾਰਣ ਦੀ ਇਜਾਜ਼ਤ ਨਹੀਂ। ਪੂਜਾ ਅਸਥਾਨਾਂ 'ਤੇ ਵੀ 10 ਤੋਂ ਵੱਧ ਲੋਕ ਇਕੱਠੇ ਨਹੀਂ ਹੋ ਸਕਣਗੇ। ਇਸ ਦੇ ਨਾਲ ਹੀ ਅਪੀਲ ਕੀਤੀ ਗਈ ਹੈ ਕਿ ਜਿਨ੍ਹਾਂ ਖੇਤਰਾਂ ਵਿਚ ਹਾਲਾਤ ਵਧੇਰੇ ਗੰਭੀਰ ਬਣੇ ਹੋਏ ਹਨ, ਉਹ ਲੋਕ ਗੈਰ-ਜ਼ਰੂਰੀ ਘੁੰਮਣ ਤੋਂ ਬਚਾਅ ਕਰਨ। ਵਿਆਹ-ਸ਼ਾਦੀਆਂ ਦੇ ਸਮਾਗਮਾਂ ਵਿਚ ਵੀ ਇਹ ਨਿਯਮ ਸਖਤਾਈ ਨਾਲ ਲਾਗੂ ਹੋਣਗੇ ਕਿਉਂਕਿ ਸਭ ਤੋਂ ਵੱਧ ਕੋਰੋਨਾ ਮਾਮਲੇ ਵਿਆਹਾਂ ਵਿਚ ਸ਼ਾਮਲ ਹੋਏ ਲੋਕਾਂ ਨਾਲ ਸਬੰਧਤ ਹਨ। 


Lalita Mam

Content Editor

Related News