ਕੋਰੋਨਾ ਖ਼ਤਰੇ ਦੇ ਮੱਦੇਨਜ਼ਰ ਓਂਟਾਰੀਓ ਦੇ ਇਨ੍ਹਾਂ ਸ਼ਹਿਰਾਂ ''ਚ ਮੁੜ ਖੁੱਲ੍ਹਣਗੇ ਸਕੂਲ
Thursday, Feb 04, 2021 - 11:49 AM (IST)
ਟੋਰਾਂਟੋ- ਓਂਟਾਰੀਓ ਸੂਬਾ ਸਰਕਾਰ ਨੇ ਕਿਹਾ ਕਿ ਸ਼ਹਿਰ ਟੋਰਾਂਟੋ, ਪੀਲ ਰੀਜਨ ਅਤੇ ਯਾਰਕ ਰੀਜਨ ਦੇ ਸਕੂਲ 16 ਫਰਵਰੀ ਤੱਕ ਬੰਦ ਰਹਿਣਗੇ ਜਦਕਿ ਦੱਖਣੀ ਓਂਟਾਰੀਓ ਦੇ ਸਕੂਲ ਸੋਮਵਾਰ ਤੋਂ ਮੁੜ ਖੁੱਲ੍ਹਣਗੇ।
ਬੁੱਧਵਾਰ ਨੂੰ ਸਿੱਖਿਆ ਮੰਤਰੀ ਸਟੀਫਨ ਲੇਸ ਨੇ ਕਿਹਾ ਕਿ 8 ਫਰਵਰੀ ਤੋਂ ਦੱਖਣੀ ਓਂਟਾਰੀਓ ਖੇਤਰ ਦੇ ਸਕੂਲਾਂ ਵਿਚ ਕਲਾਸਾਂ ਵਿਚ ਪੜ੍ਹਾਈ ਮੁੜ ਸ਼ੁਰੂ ਹੋਵੇਗੀ। ਇੱਥੇ ਇਹ ਵੀ ਦੱਸਣਯੋਗ ਹੈ ਕਿ ਸੂਬੇ ਦੇ ਤਿੰਨ ਸਕੂਲ ਕੋਰੋਨਾ ਦੇ ਨਵੇਂ ਗੜ੍ਹ ਬਣ ਗਏ ਹਨ, ਜਿਨ੍ਹਾਂ ਨੂੰ ਫਿਲਹਾਲ ਬੰਦ ਰੱਖਿਆ ਗਿਆ ਹੈ। ਕੈਲਗਰੀ ਦੇ ਦੋ ਸਕੂਲਾਂ ਵਿਚ ਵੀ ਕੋਰੋਨਾ ਦੇ ਨਵੇਂ ਸਟ੍ਰੇਨ ਦੇ ਮਾਮਲੇ ਮਿਲੇ ਹਨ।
ਸਿੱਖਿਆ ਮੰਤਰੀ ਨੇ ਕਿਹਾ ਕਿ ਉਨ੍ਹਾਂ ਬਹੁਤ ਸਾਰੇ ਮਾਪਿਆਂ ਤੇ ਅਧਿਆਪਕਾਂ ਨਾਲ ਗੱਲ ਕੀਤੀ ਹੈ ਤੇ ਉਨ੍ਹਾਂ ਕਿਹਾ ਕਿ ਸਕੂਲਾਂ ਵਿਚ ਸੁਰੱਖਿਆ ਦੇ ਪੂਰੇ ਪ੍ਰਬੰਧ ਕੀਤੇ ਜਾਣਗੇ।
ਸਿੱਖਿਆ ਮੰਤਰੀ ਨੇ ਕਿਹਾ ਕਿ ਕੋਰੋਨਾ ਫੈਲਣ ਮਗਰੋਂ ਸਭ ਤੋਂ ਪਹਿਲਾਂ ਓਂਟਾਰੀਓ ਸੂਬੇ ਨੇ ਹੀ ਸਕੂਲਾਂ ਨੂੰ ਬੰਦ ਕਰਨ ਦਾ ਫ਼ੈਸਲਾ ਲਿਆ ਸੀ ਅਤੇ ਹੁਣ ਪੂਰੀ ਸੁਰੱਖਿਆ ਨਾਲ ਉਹ ਸਕੂਲਾਂ ਨੂੰ ਮੁੜ ਖੋਲ੍ਹਣ ਦਾ ਵਿਚਾਰ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਉੱਤਰੀ ਓਂਟਾਰੀਓ ਵਿਚ 11 ਜਨਵਰੀ ਤੋਂ ਸਕੂਲ ਖੁੱਲ੍ਹ ਚੁੱਕੇ ਹਨ, ਹਾਲਾਂਕਿ ਕੁਝ ਮਾਪੇ ਅਜੇ ਵੀ ਵਿਦਿਆਰਥੀਆਂ ਨੂੰ ਸਕੂਲ ਨਾ ਭੇਜਣ ਦੀ ਗੱਲ 'ਤੇ ਅੜੇ ਹਨ।