ਓਂਟਾਰੀਓ ''ਚ ਕੋਰੋਨਾ ਦੇ 658 ਨਵੇਂ ਮਾਮਲੇ ਦਰਜ, 200 ਦੇ ਕਰੀਬ ਟੋਰਾਂਟੋ ਨਾਲ ਸਬੰਧਤ
Sunday, Oct 18, 2020 - 08:49 PM (IST)
ਟੋਰਾਂਟੋ : ਓਂਟਾਰੀਓ ਵਿਚ ਬੀਤੇ 24 ਘੰਟਿਆਂ ਦੌਰਾਨ ਕੋਰੋਨਾ ਦੇ ਨਵੇਂ 658 ਮਾਮਲੇ ਸਾਹਣੇ ਆਏ ਹਨ ਤੇ ਇਸ ਦੌਰਾਨ 5 ਹੋਰ ਮੌਤਾਂ ਹੋਣ ਦੀ ਖ਼ਬਰ ਹੈ। ਪਿਛਲੇ 8 ਦਿਨਾਂ ਵਿਚ ਇਹ ਪਹਿਲੀ ਵਾਰ ਹੋਇਆ ਹੈ ਕਿ ਇੱਥੇ ਕੋਰੋਨਾ ਵਾਇਰਸ ਦੇ ਮਾਮਲੇ ਕੁਝ ਘੱਟ ਦਰਜ ਹੋਏ ਹਨ।
ਅਧਿਕਾਰਤ ਅੰਕੜਿਆਂ ਮੁਤਾਬਕ ਟੋਰਾਂਟੋ ਵਿਚ 197, ਪੀਲ ਵਿਚ 155, ਯਾਰਕ ਰਿਜਨ ਵਿਚ 94 ਤੇ ਓਟਾਵਾ ਵਿਚ 66 ਨਵੇਂ ਮਾਮਲੇ ਦਰਜ ਹੋਏ ਹਨ। ਸਿਹਤ ਮੰਤਰੀ ਕ੍ਰਿਸਟਾਈਨ ਇਲੀਓਟ ਨੇ ਟਵਿੱਟਰ 'ਤੇ ਇਸ ਸਬੰਧੀ ਜਾਣਕਾਰੀ ਦਿੱਤੀ।
ਐਤਵਾਰ ਨੂੰ 10 ਅਕਤੂਬਰ ਤੋਂ ਬਾਅਦ ਘੱਟ ਮਾਮਲੇ ਦਰਜ ਹੋਏ ਹਨ ਕਿਉਂਕਿ ਇਸ ਤੋਂ ਪਹਿਲਾਂ ਤਕਰੀਬਨ 1000 ਨਵੇਂ ਮਾਮਲੇ ਦਰਜ ਹੋ ਰਹੇ ਸਨ। ਉਨ੍ਹਾਂ ਦੱਸਿਆ ਕਿ ਬੀਤੇ 24 ਘੰਟਿਆਂ ਦੌਰਾਨ 685 ਲੋਕ ਕੋਰੋਨਾ ਵਾਇਰਸ ਨੂੰ ਮਾਤ ਦੇ ਕੇ ਸਿਹਤਯਾਬ ਹੋਏ ਹਨ ਅਤੇ ਇਸ ਸਮੇਂ ਸੂਬੇ ਵਿਚ 5,954 ਕੋਰੋਨਾ ਦੇ ਕਿਰਿਆਸ਼ੀਲ ਮਾਮਲੇ ਹਨ। ਹੁਣ ਤੱਕ ਸੂਬੇ ਵਿਚ 3,046 ਲੋਕਾਂ ਦੀ ਮੌਤ ਹੋ ਚੁੱਕੀ ਹੈ। ਬੀਤੇ 24 ਘੰਟਿਆਂ ਵਿਚ 40,900 ਲੋਕ ਕੋਰੋਨਾ ਦਾ ਟੈਸਟ ਕਰਵਾ ਚੁੱਕੇ ਹਨ। ਟੈਸਟ ਵਿਚੋਂ 1.61 ਫੀਸਦੀ ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਦਰਜ ਹੋਈ।