ਓਂਟਾਰੀਓ ਸਰਕਾਰ ਨੇ ਲਾਈ ਨਵੀਂ ਪਾਬੰਦੀ, ਤੁਰੰਤ ਪ੍ਰਭਾਵ ਨਾਲ ਹੋਈ ਲਾਗੂ

03/29/2020 11:30:28 PM

ਟੋਰਾਂਟੋ- ਓਂਟਾਰੀਓ ਸਰਕਾਰ ਨੇ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਇਕ ਨਵੀਂ ਪਾਬੰਦੀ ਲਗਾ ਦਿੱਤੀ ਹੈ, ਜੋ ਤੁਰੰਤ ਪ੍ਰਭਾਵ ਨਾਲ ਲਾਗੂ ਹੋ ਗਈ ਹੈ। ਸੂਬੇ ਦੇ ਵਸਨੀਕਾਂ ਨੂੰ ਹੁਣ ਪੰਜ ਤੋਂ ਵੱਧ ਲੋਕਾਂ ਦੇ ਸਮੂਹਾਂ ਵਿਚ ਇਕੱਠੇ ਹੋਣ ਦੀ ਇਜਾਜ਼ਤ ਨਹੀਂ ਹੋਵੇਗੀ। ਡੱਗ ਫੋਰਡ ਸਰਕਾਰ ਨੇ ਇਸ ਸਬੰਧੀ ਨਵੇਂ ਹੁਕਮ ਜਾਰੀ ਕਰ ਦਿੱਤੇ ਹਨ।

 

ਇਸ ਵਿਚ ਸਿਰਫ 5 ਜਾਂ ਇਸ ਤੋਂ ਵੱਧ ਮੈਂਬਰਾਂ ਦੇ ਪਰਿਵਾਰਾਂ ਨੂੰ ਛੋਟ ਦਿੱਤੀ ਗਈ ਹੈ। ਮੁੱਖ ਮੰਤਰੀ ਡੱਗ ਫੋਰਡ ਨੇ ਕਿਹਾ ਕਿ ਜੇਕਰ ਜ਼ਰੂਰੀ ਹੋਵੇ ਤਾਂ ਹੀ ਘਰੋਂ ਨਿਕਲੋ। ਉਨ੍ਹਾਂ ਕਿਹਾ ਕਿ ਵਾਇਰਸ ਨੂੰ ਰੋਕਣ ਲਈ ਜੋ ਤਾਕਤ ਉਹ ਲਾ ਸਕਦੇ ਹਨ, ਲਾਉਣਗੇ। 

 

ਉੱਥੇ ਹੀ ਅੰਤਿਮ ਸੰਸਕਾਰ ‘ਤੇ ਇਕ ਵਾਰ ਵਿਚ 10 ਤੋਂ ਵਧ ਲੋਕ ਸ਼ਾਮਲ ਨਹੀਂ ਹੋ ਸਕਦੇ। ਇਹ ਹੁਕਮ ਧਾਰਮਿਕ ਸਮਾਗਮਾਂ, ਵਿਆਹਾਂ ਅਤੇ ਹੋਰ ਪਬਲਿਕ ਸਮਾਗਮਾਂ ‘ਤੇ ਵੀ ਲਾਗੂ ਹੋਣਗੇ। ਜ਼ਿਕਰਯੋਗ ਹੈ ਕਿ ਓਂਟਾਰੀਓ ਵਿਚ ਹੁਣ ਕੁੱਲ ਕਨਫਰਮਡ ਮਾਮਲਿਆਂ ਦੀ ਗਿਣਤੀ 1,326 ਹੋ ਗਈ ਹੈ। ਸੂਬੇ ਵਿਚ ਦੋ ਹੋਰ ਮੌਤਾਂ ਹੋਣ ਨਾਲ ਇੱਥੇ ਕੁੱਲ ਮੌਤਾਂ ਦੀ ਗਿਣਤੀ 21 ਹੋ ਗਈ ਹੈ। ਹਾਲਾਂਕਿ, ਸਿਹਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਨ੍ਹਾਂ ਦੋ ਤਾਜ਼ਾ ਮਾਮਲਿਆਂ ਦੀ ਲੈਬ ਵਿਚ ਫਿਲਹਾਲ ਪੁਸ਼ਟੀ ਹੋਣੀ ਬਾਕੀ ਹੈ ਕਿ ਇਹ ਮੌਤਾਂ ਕੋਰੋਨਾ ਵਾਇਰਸ ਨਾਲ ਹੀ ਹੋਈਆਂ ਹਨ ਜਾਂ ਨਹੀਂ। ਸਿਹਤ ਅਧਿਕਾਰੀਆਂ ਨੇ ਕਿਹਾ ਕਿ ਜਲਦ ਹੀ ਇਸ ਦੀ ਰਿਪੋਰਟ ਜਾਰੀ ਕੀਤੀ ਜਾ ਰਹੀ ਹੈ।


Sanjeev

Content Editor

Related News