ਓਂਟਾਰੀਓ ਸਰਕਾਰ ਹਸਪਤਾਲਾਂ ਨੂੰ ਦੇਵੇਗੀ 500 ਹੋਰ ਬਿਸਤਰੇ

Tuesday, Jan 19, 2021 - 12:18 PM (IST)

ਟੋਰਾਂਟੋ- ਓਂਟਾਰੀਓ ਸਰਕਾਰ ਨੇ ਸੋਮਵਾਰ ਨੂੰ ਦੱਸਿਆ ਕਿ ਜਿਨ੍ਹਾਂ ਹਸਪਤਾਲਾਂ ਵਿਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਵਧੇਰੇ ਹੈ, ਉੱਥੇ ਵਾਧੂ ਬੈੱਡ ਲਗਾਏ ਜਾਣਗੇ। ਬੇਹੱਦ ਬੀਮਾਰ ਮਰੀਜ਼ਾਂ ਲ਼ਈ ਸੂਬਾ 500 ਵਾਧੂ ਬੈੱਡ ਲਗਵਾ ਰਿਹਾ ਹੈ ਤਾਂ ਕਿ ਜ਼ਰੂਰਤਮੰਦ ਲੋਕਾਂ ਨੂੰ ਸਮੇਂ ਸਿਰ ਇਲਾਜ ਮਿਲ ਸਕੇ। 

ਮੈਕਨਜ਼ੀ ਹੈਲਥ ਹਸਪਤਾਲ ਨੂੰ 35 ਹੋਰ ਬੈੱਡ ਦਿੱਤੇ ਜਾਣਗੇ। ਸੂਬਾਈ ਮੁੱਖ ਮੰਤਰੀ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਹੈ ਕਿ ਬਹੁਤ ਸਾਰੇ ਹਸਪਤਾਲਾਂ ਵਿਚ ਬਿਸਤਰਿਆਂ ਦੀ ਕਮੀ ਹੋ ਰਹੀ ਹੈ ਤੇ ਮਰੀਜ਼ਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ। ਬਹੁਤ ਸਾਰੇ ਹਸਪਤਾਲਾਂ ਵਿਚ ਆਈ. ਸੀ. ਯੂ. ਵਾਰਡ ਜਾਂ ਤਾਂ ਭਰ ਚੁੱਕੇ ਹਨ ਤੇ ਜਾਂ ਇਕ-ਦੋ ਦਿਨਾਂ ਵਿਚ ਭਰਨ ਵਾਲੇ ਹਨ। ਸੂਬਾ ਕੋਰਟੇਲੁਕੀ ਵੈਗੁਆਨ ਨਾਂ ਦਾ ਨਵਾਂ ਹਸਪਤਾਲ ਖੋਲ੍ਹ ਰਿਹਾ ਹੈ ਤੇ ਇੱਥੇ 150 ਜਨਰਲ ਮੈਡੀਕਲ ਬੈੱਡਾਂ ਦਾ ਪ੍ਰਬੰਧ ਹੋਵੇਗਾ।

ਓਂਟਾਰੀਓ ਹੈਲਥ ਦੇ ਮੁਖੀ ਤੇ ਸੀ. ਈ. ਓ. ਮੈਥਿਊ ਐਂਡਰਸਨ ਨੇ 7 ਜਨਵਰੀ ਨੂੰ ਕਿਹਾ ਸੀ ਕਿ ਕੋਰੋਨਾ ਮਰੀਜ਼ਾਂ ਦਾ ਪੂਰਾ ਧਿਆਨ ਰੱਖਣ ਲਈ ਹਸਪਤਾਲਾਂ ਵਿਚ ਬਿਸਤਰਿਆਂ ਦੀ ਗਿਣਤੀ ਵਧਾਉਣ ਦੀ ਜ਼ਰੂਰਤ ਹੈ। ਸੋਮਵਾਰ ਨੂੰ ਜਾਰੀ ਡਾਟਾ ਮੁਤਾਬਕ ਸੂਬੇ ਦੇ ਹਸਪਤਾਲਾਂ ਵਿਚ ਇਸ ਸਮੇਂ 1,571 ਮਰੀਜ਼ ਇਲਾਜ ਕਰਵਾ ਰਹੇ ਹਨ ਅਤੇ 303 ਗੰਭੀਰ ਬੀਮਾਰ ਆਈ. ਸੀ. ਯੂ. ਵਿਚ ਦਾਖ਼ਲ ਹਨ।  
 


Lalita Mam

Content Editor

Related News