ਓਂਟਾਰੀਓ ''ਚ ਜਲਦ ਵਧਣਗੇ ਕੋਰੋਨਾ ਮਰੀਜ਼, ਹਸਪਤਾਲਾਂ ਨੂੰ ਜਾਰੀ ਹੋਏ ਇਹ ਹੁਕਮ

Wednesday, Dec 16, 2020 - 02:27 PM (IST)

ਓਂਟਾਰੀਓ ''ਚ ਜਲਦ ਵਧਣਗੇ ਕੋਰੋਨਾ ਮਰੀਜ਼, ਹਸਪਤਾਲਾਂ ਨੂੰ ਜਾਰੀ ਹੋਏ ਇਹ ਹੁਕਮ

ਟੋਰਾਂਟੋ- ਓਂਟਾਰੀਓ ਹੈਲਥ ਦੇ ਸੀ. ਈ. ਓ. ਨੇ ਹਸਪਤਾਲਾਂ ਨੂੰ ਕਿਹਾ ਹੈ ਕਿ ਉਹ ਅਗਲੇ 48 ਘੰਟਿਆਂ ਵਿਚ ਆਪਣੀ ਸਮਰੱਥਾ ਨੂੰ ਵਧਾ ਲੈਣ ਕਿਉਂਕਿ ਜਲਦੀ ਹੀ ਕੋਰੋਨਾ ਦੇ ਵੱਧ ਮਰੀਜ਼ ਹਸਪਤਾਲਾਂ ਵਿਚ ਆਉਣ ਵਾਲੇ ਹਨ। ਮਰੀਜ਼ਾਂ ਦੀ ਸਹੀ ਦੇਖਭਾਲ ਲਈ ਡਾਕਟਰਾਂ ਤੇ ਸਟਾਫ਼ ਨੂੰ ਤਿਆਰ ਰਹਿਣ ਦੀ ਜ਼ਰੂਰਤ ਹੈ। 

ਮੰਗਲਵਾਰ ਨੂੰ ਓਂਟਾਰੀਓ ਹੈਲਥ ਮੁਖੀ ਮੈਟ ਐਡਰਸਨ ਨੇ ਕਿਹਾ ਕਿ ਸੂਬਾ ਜਲਦੀ ਹੀ ਕੋਰੋਨਾ ਮਰੀਜ਼ਾਂ ਦੀ ਖਰਾਬ ਸਥਿਤੀ ਦਾ ਸਾਹਮਣਾ ਕਰ ਸਕਦਾ ਹੈ ਕਿਉਂਕਿ ਲਗਾਤਾਰ ਕੋਰੋਨਾ ਦੇ ਮਾਮਲੇ ਵੱਧਦੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਸੂਬੇ ਦੇ ਸਾਰੇ ਹਸਪਤਾਲਾਂ ਤੇ ਸਟਾਫ਼ ਨੂੰ ਇਕੱਠੇ ਮਿਲ ਕੇ ਕੰਮ ਕਰਨ ਦੀ ਅਪੀਲ ਕਰਦੇ ਹਨ ਤਾਂ ਕਿ ਇਸ ਸਥਿਤੀ ਦਾ ਸਾਹਮਣਾ ਕੀਤਾ ਜਾ ਸਕੇ। 

ਉਨ੍ਹਾਂ ਕਿਹਾ ਕਿ ਜੇਕਰ ਕਿਸੇ ਹਸਪਤਾਲ ਨੇ ਇਸ ਲਈ ਪਹਿਲਾਂ ਤਿਆਰੀ ਨਹੀਂ ਕੀਤੀ ਸੀ ਤਾਂ ਉਹ ਹੁਣ ਤਿਆਰੀ ਕਰ ਲੈਣ। ਉਨ੍ਹਾਂ ਕਿਹਾ ਕਿ ਹਰ ਹਸਪਤਾਲ ਨੂੰ 10 ਤੋਂ 15 ਵਧੇਰੇ ਬਿਸਤਰਿਆਂ ਦੀ ਤਿਆਰੀ ਕਰਕੇ ਰੱਖਣੀ ਪਵੇਗੀ। ਅਧਿਕਾਰੀ ਮੁਤਾਬਕ ਹਾਲਾਂਕਿ ਦੇਸ਼ ਵਿਚ ਕੋਰੋਨਾ ਦਾ ਟੀਕਾ ਆ ਗਿਆ ਹੈ ਪਰ ਹਰ ਦੇਸ਼ਵਾਸੀ ਨੂੰ ਇਹ ਟੀਕਾ ਅਗਲੇ ਸਾਲ ਸਤੰਬਰ ਤੱਕ ਹੀ ਲੱਗੇਗਾ, ਇਸ ਲਈ ਤਦ ਤੱਕ ਬਹੁਤ ਜ਼ਿਆਦਾ ਧਿਆਨ ਰੱਖਣ ਦੀ ਜ਼ਰੂਰਤ ਹੈ। 

ਜ਼ਿਕਰਯੋਗ ਹੈ ਕਿ ਮੰਗਲਵਾਰ ਨੂੰ ਸੂਬੇ ਵਿਚ ਕੋਰੋਨਾ ਦੇ 2,275 ਨਵੇਂ ਮਾਮਲੇ ਦਰਜ ਹੋਏ ਹਨ ਤੇ ਇਸ ਕਾਰਨ ਮਾਹਰਾਂ ਦੀ ਚਿੰਤਾ ਹੋਰ ਵੱਧ ਗਈ ਹੈ। ਉਨ੍ਹਾਂ ਕਿਹਾ ਕਿ ਲੋਕ ਘਰਾਂ ਵਿਚ ਰਹਿ ਕੇ ਛੁੱਟੀਆਂ ਤੇ ਕ੍ਰਿਸਮਸ ਮਨਾਉਣ ਅਤੇ ਇਕ-ਦੂਜੇ ਦੇ ਸੰਪਰਕ ਵਿਚ ਆਉਣ ਤੋਂ ਬਚਣ। 


author

Lalita Mam

Content Editor

Related News