ਲੋਕਾਂ ਨੂੰ ਘਰ ਬੈਠਣ ਦੀਆਂ ਸਲਾਹਾਂ ਤੇ ਓਂਟਾਰੀਓ ਖਜ਼ਾਨਾ ਮੰਤਰੀ ਪਤਨੀ ਨਾਲ ਗਏ ਵਿਦੇਸ਼
Wednesday, Dec 30, 2020 - 09:44 AM (IST)
ਨਿਊਯਾਰਕ/ ਓਂਟਾਰੀਓ, ( ਰਾਜ ਗੋਗਨਾ)—ਕੈਨੇਡਾ ਦੇ ਸੂਬੇ ਓਂਟਾਰੀਓ ਦੇ ਖਜ਼ਾਨਾ ਮੰਤਰੀ ਰੋਡ ਫਿਲਿਪਜ਼ ਲੋਕਾਂ ਨੂੰ ਘਰੇ ਬੈਠਣ ਦੀਆਂ ਸਲਾਹਾਂ ਦੇਣ ਤੋਂ ਬਾਅਦ ਆਪ ਆਪਣੀ ਘਰਵਾਲੀ ਨਾਲ ਦਸੰਬਰ 13 ਤੋਂ ਦੇਸ਼ ਦੇ ਬਾਹਰ ਛੁੱਟੀਆਂ ਮਨਾਉਣ ਵਿਚ ਮਸਰੂਫ ਹਨ। ਜਦ ਇਸ ਸਬੰਧੀ ਸਵਾਲ ਉੱਠੇ ਤਾਂ ਉਨ੍ਹਾਂ ਕਿਹਾ ਕਿ ਇਹ ਛੁੱਟੀਆਂ ਦਾ ਪਲਾਨ ਤਾਂ ਪਹਿਲਾਂ ਦਾ ਹੀ ਬਣਾਇਆ ਹੋਇਆ ਸੀ ।
ਖ਼ਜ਼ਾਨਾ ਮੰਤਰੀ ਹਾਲੇ ਤੱਕ ਵੀ ਵਾਪਸ ਨਹੀਂ ਪਰਤੇ ਹਨ ਜਦੋਂਕਿ ਕਰੋਨਾ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਨਾਲ ਹੀ ਕਰੋਨਾ ਦੇ ਨਵੇਂ ਰੂਪ ਦੇ ਮਾਮਲੇ ਵੀ ਓਂਟਾਰੀਓ ਵਿਚ ਸਾਹਮਣੇ ਆ ਰਹੇ ਹਨ । ਇੱਕ ਪਾਸੇ ਓਂਟਾਰੀਓ ਸਰਕਾਰ ਨੇ ਸੂਬੇ ਵਿਚ ਤਾਲਾਬੰਦੀ ਲਾਈ ਹੈ, ਦੂਜਾ ਗੈਰ-ਜ਼ਰੂਰੀ ਯਾਤਰਾ ਨਾ ਕਰਨ ਦੀ ਅਪੀਲ ਵੀ ਕੀਤੀ ਜਾ ਰਹੀ ਹੈ ਪਰ ਸਰਕਾਰ ਦੇ ਆਪਣੇ ਹੀ ਮੰਤਰੀ ਇਸ ਅਪੀਲ ਨੂੰ ਮੰਨਣ ਤੋਂ ਇਨਕਾਰ ਕਰਦੇ ਦਿਸ ਰਹੇ ਹਨ ।
ਇਸ ਗੱਲ ਨੂੰ ਲੈ ਕੇ ਲੋਕਾਂ ਦੇ ਮਨਾਂ ਵਿਚ ਵੀ ਗੁੱਸਾ ਹੈ ਕਿਉਂਕਿ ਬਹੁਤੇ ਲੋਕ ਆਪਣੇ ਪਰਿਵਾਰਾਂ ਤੋਂ ਦੂਰ ਕ੍ਰਿਸਮਸ ਤੇ ਨਵਾਂ ਸਾਲ ਮਨਾਉਣ ਲਈ ਮਜਬੂਰ ਹਨ। ਇਸ ਦੇ ਬਾਵਜੂਦ ਉਹ ਦੇਸ਼ ਤੋਂ ਬਾਹਰ ਜਾਣ ਦਾ ਪਰਹੇਜ਼ ਕਰ ਰਹੇ ਹਨ ਪਰ ਜਦ ਮੰਤਰੀ ਬਿਨਾਂ ਜ਼ਰੂਰੀ ਕੰਮਾਂ ਦੇ ਸੈਰ-ਸਪਾਟੇ ਲਈ ਬਾਹਰ ਜਾਂਦੇ ਹਨ ਤਾਂ ਲੋਕਾਂ ਦੇ ਦਿਲਾਂ ਵਿਚ ਗੁੱਸਾ ਜਾਗਣਾ ਜਾਇਜ਼ ਹੈ।