ਬੀਤੇ 24 ਘੰਟਿਆਂ ਦੌਰਾਨ ਓਂਟਾਰੀਓ ''ਚ ਕੋਰੋਨਾ ਮਾਮਲੇ ਤੇ ਮੌਤ ਦੇ ਅੰਕੜਿਆਂ ''ਚ ਰਿਕਾਰਡ ਵਾਧਾ

01/08/2021 4:39:52 PM

ਓਟਾਵਾ- ਓਂਟਾਰੀਓ ਵਿਚ ਬੀਤੇ 24 ਘੰਟਿਆਂ ਦੌਰਾਨ ਕੋਵਿਡ-19 ਦੇ ਮਾਮਲਿਆਂ ਅਤੇ ਮੌਤ ਦੋਵਾਂ ਦੇ ਅੰਕੜਿਆਂ ਦਾ ਨਵਾਂ ਰਿਕਾਰਡ ਬਣਿਆ ਹੈ।  ਸੂਬਾਈ ਸਿਹਤ ਅਧਿਕਾਰੀਆਂ ਨੇ ਅੱਜ ਕੋਰੋਨਾ ਵਾਇਰਸ ਦੇ 3,519 ਨਵੇਂ ਮਾਮਲੇ ਦਰਜ ਕੀਤੇ, ਜੋ ਬੁੱਧਵਾਰ ਨੂੰ 3,266 ਅਤੇ ਵੀਰਵਾਰ ਨੂੰ 3,128 ਸਨ। ਸੂਬੇ ਵਿਚ 2 ਜਨਵਰੀ ਨੂੰ 3,363 ਨਵੇਂ ਮਾਮਲਿਆਂ ਦਾ ਰਿਕਾਰਡ ਬਣਿਆ ਸੀ ਤੇ ਹੁਣ ਇਹ ਰਿਕਾਰਡ ਟੁੱਟ ਗਿਆ ਹੈ। ਇਸ ਦੌਰਾਨ 89 ਲੋਕਾਂ ਦੀ ਮੌਤ ਕੋਰੋਨਾ ਕਾਰਨ ਹੋਈ। ਇਸ ਤੋਂ ਪਹਿਲਾਂ ਪਿਛਲੇ ਸਾਲ 30 ਅਪ੍ਰੈਲ ਨੂੰ 86 ਲੋਕਾਂ ਦੀ ਕੋਰੋਨਾ ਕਾਰਨ 24 ਘੰਟਿਆਂ ਦੌਰਾਨ ਮੌਤ ਹੋਈ ਸੀ। ਬੀਤੇ ਦਿਨ ਦੇ ਮੌਤ ਦੇ ਮਾਮਲਿਆਂ ਨੇ ਇਹ ਰਿਕਾਰਡ ਵੀ ਤੋੜ ਦਿੱਤਾ ਹੈ। 

ਇਸ ਕਾਰਨ ਸਿਹਤ ਮਾਹਰਾਂ ਦੀ ਚਿੰਤਾ ਹੋਰ ਵੱਧ ਗਈ ਹੈ ਕਿਉਂਕਿ ਹੁਣ ਤਾਂ ਕੋਰੋਨਾ ਦਾ ਟੀਕਾ ਵੀ ਉਪਲੱਬਧ ਹੈ ਫਿਰ ਵੀ ਅਜੇ ਕੋਰੋਨਾ ਕਾਬੂ ਵਿਚ ਨਹੀਂ ਆ ਰਿਹਾ। 

ਦੱਸਿਆ ਜਾ ਰਿਹਾ ਹੈ ਕਿ ਬੀਤੇ ਦਿਨ ਕੋਰੋਨਾ ਕਾਰਨ ਮਰੇ 89 ਲੋਕਾਂ ਵਿਚੋਂ 43 ਲਾਂਗ ਟਰਮ ਕੇਅਰ ਹੋਮ ਨਾਲ ਸਬੰਧਤ ਸਨ। ਇਕ ਰਿਪੋਰਟ ਮੁਤਾਬਕ ਸੂਬੇ ਦੇ 228 ਲਾਂਗ ਟਰਮ ਕੇਅਰ ਹੋਮਜ਼ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ। ਬੀਤੇ 7 ਦਿਨਾਂ ਵਿਚ ਲਾਂਗ ਟਰਮ ਕੇਅਰ ਹੋਮ ਵਿਚ ਰਹਿਣ ਵਾਲੇ 151 ਲੋਕਾਂ ਦੀ ਕੋਰੋਨਾ ਕਾਰਨ ਮੌਤ ਹੋਈ ਹੈ। ਜਦੋਂ ਤੋਂ ਕੋਰੋਨਾ ਫੈਲਿਆ ਹੈ ਲਾਂਗ ਟਰਮ ਕੇਅਰ ਹੋਮ ਦੇ ਕੁੱਲ 2,928 ਵਸਨੀਕਾਂ ਦੀ ਕੋਰੋਨਾ ਜਾਨ ਲੈ ਚੁੱਕਾ ਹੈ। ਓਂਟਾਰੀਓ ਦੇ ਮੁੱਖ ਸਿਹਤ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਨੂੰ ਆਸ ਹੈ ਕਿ ਟੀਕਾਕਰਨ ਤੇਜ਼ ਹੋਣ ਨਾਲ ਕੋਰੋਨਾ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਿਚ ਕਮੀ ਆਵੇਗੀ। 


Lalita Mam

Content Editor

Related News