ਓਂਟਾਰੀਓ ''ਚ 24 ਘੰਟਿਆਂ ਦੌਰਾਨ ਦਰਜ ਹੋਏ ਕੋਰੋਨਾ ਦੇ ਰਿਕਾਰਡ ਮਾਮਲੇ

12/16/2020 3:25:49 PM

ਓਟਾਵਾ- ਕੈਨੇਡਾ ਦੇ ਸੂਬੇ ਓਂਟਾਰੀਓ ਵਿਚ ਮੰਗਲਵਾਰ ਨੂੰ ਕੋਰੋਨਾ ਦੇ ਰਿਕਾਰਡ ਮਾਮਲੇ ਦਰਜ ਹੋਏ, ਜਿਸ ਕਾਰਨ ਸਿਹਤ ਅਧਿਕਾਰੀਆਂ ਦੀ ਚਿੰਤਾ ਹੋਰ ਵੱਧ ਗਈ ਹੈ। ਮੰਗਲਵਾਰ ਨੂੰ ਸੂਬੇ ਵਿਚ 2,275 ਨਵੇਂ ਮਾਮਲੇ ਦਰਜ ਹੋਏ ਜਦਕਿ ਇਸ ਤੋਂ ਪਹਿਲਾਂ ਮਾਮਲੇ ਇੰਨੇ ਦਰਜ ਨਹੀਂ ਹੋ ਰਹੇ ਸਨ। 
ਮੰਗਲਵਾਰ ਨੂੰ ਮਿਲੇ ਡਾਟੇ ਤੋਂ ਬਾਅਦ ਓਂਟਾਰੀਓ ਹੈਲਥ ਦੇ ਸੀ. ਈ. ਓ. ਨੇ ਹਸਪਤਾਲਾਂ ਨੂੰ ਹੋਰ ਤਿਆਰੀ ਕਰਨ ਲਈ ਕਿਹਾ ਹੈ। ਇਹ ਵੀ ਹੁਕਮ ਦਿੱਤਾ ਗਿਆ ਹੈ ਕਿ ਕੋਰੋਨਾ ਦੇ ਮਾਮਲੇ ਬਹੁਤ ਤੇਜ਼ੀ ਨਾਲ ਵੱਧ ਸਕਦੇ ਹਨ। ਇਸ ਲਈ ਲੋਕ ਆਪਣਾ ਵਧੇਰੇ ਧਿਆਨ ਰੱਖਣ। ਹਸਪਤਾਲਾਂ ਨੂੰ ਕਿਹਾ ਗਿਆ ਹੈ ਕਿ ਉਹ 10 ਤੋਂ 15 ਹੋਰ ਬੈੱਡਾਂ ਦਾ ਪ੍ਰਬੰਧ ਕਰ ਲੈਣ ਕਿਉਂਕਿ ਜਲਦੀ ਹੀ ਹਸਪਤਾਲਾਂ ਵਿਚ ਮਰੀਜ਼ਾਂ ਦੀ ਗਿਣਤੀ ਵੱਧ ਸਕਦੀ ਹੈ। 

ਜ਼ਿਕਰਯੋਗ ਹੈ ਕਿ ਸੂਬੇ ਵਿਚ ਸੋਮਵਾਰ ਨੂੰ ਕੋਰੋਨਾ ਦੇ 1,940, ਐਤਵਾਰ ਨੂੰ 1,677 ਅਤੇ ਸ਼ਨੀਵਾਰ ਨੂੰ 1,873 ਨਵੇਂ ਮਾਮਲੇ ਦਰਜ ਹੋਏ ਸਨ। ਪਿਛਲੇ ਦਿਨਾਂ ਨਾਲੋਂ ਮੰਗਲਵਾਰ ਨੂੰ ਵਧੇਰੇ ਮਾਮਲੇ ਦਰਜ ਹੋਣ ਨਾਲ ਮਾਹਰਾਂ ਦੀ ਭਵਿੱਖਬਾਣੀ ਸੱਚ ਹੁੰਦੀ ਨਜ਼ਰ ਆ ਰਹੀ ਹੈ, ਜਿਨ੍ਹਾਂ ਦਾ ਕਹਿਣਾ ਸੀ ਕਿ ਸੂਬਾ ਕ੍ਰਿਸਮਸ ਤੱਕ ਵੱਡੀ ਗਿਣਤੀ ਵਿਚ ਕੋਰੋਨਾ ਮਰੀਜ਼ਾਂ ਨਾਲ ਭਰ ਜਾਵੇਗਾ। 

ਮੰਗਲਵਾਰ ਨੂੰ ਟੋਰਾਂਟੋ ਵਿਚ 711, ਪੀਲ ਵਿਚ 586, ਵਿੰਡਸਰ-ਏਸੇਕਸ ਕਾਉਂਟੀ ਵਿਚ 185 ਅਤੇ ਯਾਰਕ ਖੇਤਰ ਵਿਚ 154 ਨਵੇਂ ਮਾਮਲੇ ਸਾਹਮਣੇ ਆਏ ਹਨ। ਸੂਬੇ ਵਿਚ ਇਸ ਸਮੇਂ ਕੋਰੋਨਾ ਦੇ 17,000 ਸਰਗਰਮ ਮਾਮਲੇ ਹਨ। ਹਾਲਾਂਕਿ, ਸੂਬੇ ਵਿਚ ਸਿਹਤਯਾਬ ਹੋਏ ਲੋਕਾਂ ਦੀ ਗਿਣਤੀ ਵੀ ਕਾਫੀ ਵੱਡੀ ਹੈ, ਲਗਭਗ 1,23,000 ਲੋਕ ਕੋਰੋਨਾ ਨੂੰ ਮਾਤ ਦੇ ਕੇ ਸਿਹਤਯਾਬ ਹੋ ਚੁੱਕੇ ਹਨ। 


Lalita Mam

Content Editor

Related News