ਕੈਨੇਡਾ: ਓਂਟਾਰੀਓ ''ਚ ਨਵੇਂ ਕੋਰੋਨਾ ਸਟ੍ਰੇਨ ਦਾ ਖੌਫ਼, 3 ਹੋਰ ਮਾਮਲੇ ਮਿਲੇ
Tuesday, Jan 05, 2021 - 02:13 PM (IST)
ਓਟਾਵਾ- ਕੈਨੇਡਾ ਦੇ ਸੂਬੇ ਓਂਟਾਰੀਓ ਵਿਚ ਕੋਰੋਨਾ ਦੇ ਨਵੇਂ ਸਟ੍ਰੇਨ ਦੇ 3 ਹੋਰ ਮਾਮਲੇ ਮਿਲੇ ਹਨ। ਵਾਇਰਸ ਦਾ ਇਹ ਨਵਾਂ ਸਟ੍ਰੇਨ ਪਹਿਲਾਂ ਯੂ. ਕੇ. ਵਿਚ ਮਿਲਿਆ ਸੀ ਤੇ ਲਗਭਗ ਹਰ ਦੇਸ਼ ਨੇ ਬ੍ਰਿਟੇਨ ਲਈ ਆਵਾਜਾਈ ਬੰਦ ਕਰ ਦਿੱਤੀ ਸੀ। ਕੈਨੇਡਾ ਵਿਚ ਪਹਿਲਾਂ ਵੀ ਇਸ ਨਵੇਂ ਸਟ੍ਰੇਨ ਦੇ ਮਾਮਲੇ ਮਿਲੇ ਸਨ ਤੇ ਹੁਣ ਹੋਰ 3 ਮਾਮਲੇ ਦਰਜ ਹੋਏ ਹਨ।
ਸਿਹਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਤਿੰਨੋਂ ਵਿਅਕਤੀ ਜਾਂ ਤਾਂ ਵਿਦੇਸ਼ ਯਾਤਰਾ ਕਰਕੇ ਆਏ ਹਨ ਜਾਂ ਫਿਰ ਯਾਤਰਾ ਕਰਕੇ ਆਏ ਕਿਸੇ ਵਿਅਕਤੀ ਦੇ ਨੇੜਲੇ ਸੰਪਰਕ ਵਿਚ ਆਏ ਹਨ। ਓਂਟਾਰੀਓ ਐਸੋਸੀਏਟ ਮੈਡੀਕਲ ਦੀ ਮੁੱਖ ਅਧਿਕਾਰੀ ਡਾਕਟਰ ਬਾਰਬਰਾ ਯਾਫੇ ਨੇ ਕਿਹਾ ਕਿ ਇਕ ਮਾਮਲਾ ਟੋਰਾਂਟੋ ਅਤੇ ਦੂਜਾ ਯਾਰਕ ਰੀਜਨ ਵਿਚ ਮਿਲਿਆ ਹੈ। ਇਹ ਦੋਵੇਂ ਵਿਂਅਕਤੀ ਯੂ. ਕੇ. ਦੀ ਯਾਤਰਾ ਕਰਕੇ ਵਾਪਸ ਪਰਤੇ ਹਨ। ਤੀਜਾ ਮਾਮਲਾ ਦੁਬਈ ਦੀ ਯਾਤਰਾ ਕਰਕੇ ਆਏ ਵਿਅਕਤੀ ਦੇ ਸੰਪਰਕ ਵਿਚ ਆਏ ਵਿਅਕਤੀ ਨਾਲ ਸਬੰਧਤ ਹੈ। ਹੁਣ ਤੱਕ ਓਂਟਾਰੀਓ ਸੂਬੇ ਵਿਚ ਕੋਰੋਨਾ ਦੇ ਨਵੇਂ ਸਟ੍ਰੇਨ ਦੇ 6 ਮਾਮਲੇ ਦਰਜ ਹੋ ਚੁੱਕੇ ਹਨ। ਪਹਿਲੇ ਤਿੰਨ ਮਾਮਲੇ ਪਿਛਲੇ ਮਹੀਨੇ ਦਰਜ ਹੋਏ ਸਨ। ਇਹ ਮਾਮਲੇ ਦੁਰਹਾਮ ਖੇਤਰ ਨਾਲ ਸਬੰਧਤ ਸਨ। ਇਸ ਤੋਂ ਪਹਿਲਾਂ ਓਂਟਾਰੀਓ ਸੂਬੇ ਦੇ ਮੁੱਖ ਮੰਤਰੀ ਡਗ ਫੋਰਡ ਨੇ ਲੋਕਾਂ ਨੂੰ ਕੋਰੋਨਾ ਤੋਂ ਬਚਣ ਲਈ ਬਹੁਤ ਜ਼ਿਆਦਾ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਸੀ।
ਜ਼ਿਕਰਯੋਗ ਹੈ ਕਿ ਸੋਮਵਾਰ ਨੂੰ ਸੂਬੇ ਵਿਚ ਕੋਰੋਨਾ ਦੇ 3,270 ਨਵੇਂ ਮਾਮਲੇ ਦਰਜ ਹੋਏ ਤੇ ਇਸ ਦੌਰਾਨ 29 ਲੋਕਾਂ ਦੀ ਮੌਤ ਹੋ ਗਈ। ਟੋਰਾਂਟੋ ਵਿਚ ਸਭ ਤੋਂ ਵੱਧ 917, ਪੀਲ ਵਿਚ 581, ਯਾਰਕ ਰੀਜਨ ਵਿਚ 389 ਅਤੇ ਵਿੰਡਸਰ-ਐਸੈਕਸ ਕਾਊਂਟੀ ਵਿਚ 246 ਮਾਮਲੇ ਦਰਜ ਹੋ ਚੁੱਕੇ ਹਨ। ਸੂਬੇ ਦੀ ਇਕ ਸਿਹਤ ਵਰਕਰ ਨੇ ਕੋਰੋਨਾ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲਗਵਾਈਆਂ ਹਨ ਤੇ ਸੂਬੇ ਵਿਚ ਟੀਕਾਕਰਨ ਮੁਹਿੰਮ ਚੱਲ ਰਹੀ ਹੈ। ਉਸ ਨੇ ਕਿਹਾ ਕਿ ਕੋਰੋਨਾ ਵੈਕਸੀਨ ਮਿਲਣ ਨਾਲ ਆਸ ਜਾਗ ਗਈ ਹੈ ਕਿ ਅਸੀਂ ਕੋਰੋਨਾ ਨੂੰ ਹਰਾ ਕੇ ਸਿਹਤਮੰਦ ਜ਼ਿੰਦਗੀ ਬਤੀਤ ਕਰਾਂਗੇ ਪਰ ਅਜੇ ਵੀ ਬਹੁਤ ਸਾਰੀਆਂ ਸਾਵਧਾਨੀਆਂ ਵਰਤਣ ਦੀ ਜ਼ਰੂਰਤ ਹੈ।