ਓਂਟਾਰੀਓ ''ਚ ਕੋਰੋਨਾ ਨੂੰ ਲੈ ਕੇ ਨਵਾਂ ਖੁਲਾਸਾ, ''ਕੈਨੇਡਾ'' ਨੂੰ ਪੈ ਸਕਦੈ ਮਹਿੰਗਾ

03/23/2020 11:13:41 PM

ਟੋਰਾਂਟੋ - ਓਂਟਾਰੀਓ ਵਿਚ ਕੋਵਿਡ-19 ਦੇ ਮਾਮਲਿਆਂ ਦੀ ਗਿਣਤੀ ਹੁਣ 500 ਤੋਂ ਪਾਰ ਹੋ ਗਈ ਹੈ। ਸੋਮਵਾਰ ਨੂੰ ਸੂਬੇ ਦੇ ਸਿਹਤ ਅਧਿਕਾਰੀਆਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ 78 ਹੋਰ ਲੋਕਾਂ ਦੀ ਵਾਇਰਸ ਟੈਸਟ ਰਿਪੋਰਟ ਪਾਜ਼ੀਟਿਵ ਨਿਕਲੀ ਹੈ। ਉੱਥੇ ਹੀ, 8,000 ਤੋਂ ਵੱਧ ਲੋਕਾਂ ਵਿਚ ਕੋਰੋਨਾ ਵਾਇਰਸ ਦੀ ਜਾਂਚ ਕੀਤੀ ਜਾ ਰਹੀ ਹੈ, ਜਿਨ੍ਹਾਂ ਦੀ ਰਿਪੋਰਟ ਆਉਣੀ ਬਾਕੀ ਹੈ। ਸੂਬੇ ਦੇ ਲਗਭਗ 20,000 ਲੋਕਾਂ ਦੀ ਰਿਪੋਰਟ ਨੈਗੇਟਿਵ ਆਈ ਹੈ।

 

ਓਂਟਰੀਓ ਵਿਚ ਕੋਰੋਨਾ ਵਾਇਰਸ ਪੀੜਤਾਂ ਦੀ ਗਿਣਤੀ 503 'ਤੇ ਪਹੁੰਚ ਗਈ ਹੈ ਤੇ ਸੂਬੇ ਵਿਚ ਮੌਤਾਂ ਦੀ ਗਿਣਤੀ 6 ਹੋ ਗਈ ਹੈ। ਓਂਟਾਰੀਓ ਵਿਚ ਦਿਨੋਂ-ਦਿਨ ਵੱਧ ਰਹੇ ਮਾਮਲੇ ਕੈਨੇਡਾ ਲਈ ਚਿੰਤਾ ਖੜ੍ਹੀ ਕਰ ਸਕਦੇ ਹਨ। ਕੈਨੇਡਾ ਵਿਚ ਮੌਜੂਦਾ ਸਮੇਂ ਬੀ. ਸੀ. ਤੇ ਓਂਟਾਰੀਓ ਵਿਚ ਸਭ ਤੋਂ ਵੱਧ ਇਨਫੈਕਟਡ ਮਾਮਲੇ ਦੇਖਣ ਨੂੰ ਮਿਲ ਰਹੇ ਹਨ।

ਜ਼ਿਕਰਯੋਗ ਹੈ ਕਿ ਵਾਇਰਸ ਦਾ ਹੁਣ ਤੱਕ ਕੋਈ ਇਲਾਜ ਨਹੀਂ ਹੈ ਅਤੇ ਕੋਈ ਟੀਕਾ ਨਹੀਂ ਹੈ ਜੋ ਇਸ ਤੋਂ ਬਚਾਉਂਦਾ ਹੋਵੇ। ਕੈਨੇਡਾ ਸਰਕਾਰ ਮੁਤਾਬਕ, ਕੋਰੋਨਾ ਵਾਇਰਸ ਦਾ ਸਭ ਤੋਂ ਵੱਧ ਖਤਰਾ 65 ਸਾਲ ਤੇ ਇਸ ਤੋਂ ਵੱਧ ਉਮਰ ਦੇ ਲੋਕਾਂ ਲਈ ਜ਼ਿਆਦਾ ਹੈ। ਕਮਜ਼ੋਰ ਇਮਿਊਨਿਟੀ ਸਿਸਟਮ ਅਤੇ ਜੋ ਪਹਿਲਾਂ ਤੋਂ ਕਿਸੇ ਗੰਭੀਰ ਬਿਮਾਰੀ ਨਾਲ ਪੀੜਤ ਹਨ ਉਨ੍ਹਾਂ ਨੂੰ ਵੀ ਬਚਣ ਦੀ ਜ਼ਰੂਰਤ ਹੈ। ਵਾਇਰਸ ਦੇ ਜੋਖਮਾਂ ਕਾਰਨ ਟਰੂਡੋ ਸਰਕਾਰ ਨੇ ਕਿਹਾ ਹੈ ਕਿ ਕੈਨੇਡਾ ਦੀ ਸਰਕਾਰ ਤੁਹਾਨੂੰ ਸਲਾਹ ਦਿੰਦੀ ਹੈ ਕਿ ਅਗਲੇ ਨੋਟਿਸ ਤੱਕ ਤੁਹਾਨੂੰ ਕੈਨੇਡਾ ਤੋਂ ਬਾਹਰ ਗੈਰ ਜ਼ਰੂਰੀ ਯਾਤਰਾ ਤੋਂ ਬਚਣਾ ਚਾਹੀਦਾ ਹੈ। ਉੱਥੇ ਹੀ, ਓਟਾਵਾ ਵਿਚ ਕੋਵੀਡ-19 ਦੇ ਤਿੰਨ ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿਚ 18 ਸਾਲ ਤੋਂ ਘੱਟ ਉਮਰ ਦੀ ਇਕ ਕੁੜੀ ਵੀ ਸ਼ਾਮਲ ਹੈ। ਓਂਟਰੀਓ ਵਿਚ ਜਿਸ 80 ਸਾਲਾ ਬਜ਼ੁਰਗ ਦੀ ਮੌਤ ਹੋਈ ਹੈ ਉਸ ਦੀ ਕੋਈ ਟਰੈਵਲ ਹਿਸਟਰੀ ਨਹੀਂ ਸੀ। ਇਸ ਲਈ ਮੰਨਿਆ ਜਾ ਰਿਹਾ ਹੈ ਕਿ ਉਹ ਕਮਿਊਨਿਟੀ ਟਰਾਂਸਮਿਸ਼ਨ ਜ਼ਰੀਏ ਵਾਇਰਸ ਨਾਲ ਸੰਕਰਮਿਤ ਹੋਇਆ ਸੀ।


Sanjeev

Content Editor

Related News