ਕੈਨੇਡਾ : ਮਿਸੀਸਾਗਾ ਪੁਲਸ ਨੇ ਗੱਡੀ ਚੋਰਾਂ ਨੂੰ ਫੜਿਆ

11/26/2020 8:21:17 PM

ਮਿਸੀਸਾਗਾ- ਕੈਨੇਡਾ ਦੇ ਮਿਸੀਸਾਗਾ ਵਿਚ ਮਹਿੰਗੀਆਂ ਗੱਡੀਆਂ ਚੋਰੀ ਕਰਨ ਦੇ ਮਾਮਲੇ 'ਚ ਓਂਟਾਰੀਓ ਦੀ ਪੀਲ ਪੁਲਸ ਨੇ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਚੋਰੀ ਹੋਈਆਂ ਜ਼ਿਆਦਾਤਰ ਗੱਡੀਆਂ ਲੈਕਸਸ ਆਰਐਕਸ ਅਤੇ ਟੋਇਟਾ ਹਾਈਲੈਂਡਰ ਮਾਡਲ ਦੀਆਂ ਹਨ। 22 ਨਵੰਬਰ ਨੂੰ ਰਾਤ ਲਗਭਗ 8 ਵਜੇ ਕਿਊਬਿਕ ਦੇ 4 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਪੁਲਸ ਨੂੰ ਚੋਰਾਂ ਕੋਲੋਂ ਗੱਡੀਆਂ ਦੀਆਂ ਚਾਬੀਆਂ ਦਾ ਗੁੱਛਾ ਵੀ ਬਰਾਮਦ ਹੋਇਆ, ਜਿਸ ਨਾਲ ਉਹ ਗੱਡੀਆਂ ਨੂੰ ਚਾਬੀ ਲਾ ਕੇ ਗੱਡੀ ਲੈ ਕੇ ਫਰਾਰ ਹੋ ਜਾਂਦੇ ਸਨ। 

ਪੁਲਸ ਨੇ 18 ਸਾਲਾ ਅਰਜ਼ਾਨ ਖਾਨ ਵਾਸੀ ਮਾਂਟਰੀਅਲ, 20 ਸਾਲਾ ਡੈਰਿਕ ਕਰੂਜ਼ ਵਾਸੀ ਮਾਂਟਰੀਅਲ, 21 ਸਾਲਾ ਕਾਰਲੋਸ ਅਪੌਂਟੀ-ਮਾਜੀਆ ਵਾਸੀ ਮਾਂਟਰੀਅਲ ਅਤੇ ਕਿਊਬਿਕ ਦੇ ਸ਼ਹਿਰ ਲੌਂਗਇਲ ਦਾ ਵਾਸੀ ਇਕ 17 ਸਾਲਾ ਨੌਜਵਾਨ ਸ਼ਾਮਲ ਹੈ। ਨਾਬਾਲਗ ਹੋਣ ਕਾਰਨ ਇਸ ਨੌਜਵਾਨ ਦਾ ਨਾਮ ਜਨਤਕ ਨਹੀਂ ਕੀਤਾ ਗਿਆ। ਬਾਕੀ ਤਿੰਨ ਦੋਸ਼ੀਆਂ ਨੂੰ ਬਰੈਂਪਟਨ ਦੀ ਓਂਟਾਰੀਓ ਕੋਰਟ ਆਫ਼ ਜਸਟਿਸ ਵਿਚ ਪੇਸ਼ ਕੀਤਾ ਗਿਆ ਸੀ ਜਦ ਕਿ ਕਾਰਲੋਸ ਅਪੌਂਟੀ-ਮਾਜੀਆ ਨੂੰ 5 ਫਰਵਰੀ, 2021 ਨੂੰ ਇਸੇ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਫਿਲਹਾਲ ਉਸ ਨੂੰ ਰਿਹਾਅ ਕਰ ਦਿੱਤਾ ਗਿਆ ਹੈ।

ਦੱਸ ਦੇਈਏ ਕਿ ਮਿਸੀਸਾਗਾ ਵਿਚ ਇਸ ਵੇਲੇ ਮਹਿੰਗੀਆਂ ਗੱਡੀਆਂ ਚੋਰੀ ਹੋਣ ਦੀਆਂ ਘਟਨਾਵਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਪੀਲ ਪੁਲਸ ਨੇ ਬੀਤੇ ਦਿਨੀਂ ਮਹਿੰਗੀਆਂ ਗੱਡੀਆਂ ਦੇ ਮਾਲਕਾਂ, ਖਾਸ ਤੌਰ 'ਤੇ ਲੈਕਸਸ ਆਰਐਕਸ ਅਤੇ ਟੋਇਟਾ ਹਾਈਲੈਂਡਰ ਮਾਡਲ ਦੀਆਂ ਗੱਡੀਆਂ ਰੱਖਣ ਵਾਲੇ ਲੋਕਾਂ ਨੂੰ ਜਾਗਰੂਕ ਕਰਦੇ ਹੋਏ ਚੌਕਸ ਰਹਿਣ ਦੀ ਅਪੀਲ ਕੀਤੀ ਸੀ। ਪੀਲ ਪੁਲਸ ਦੀ 11 ਡਵੀਜ਼ਨ ਆਟੋ ਥੈਪਟ ਯੂਨਿਟ ਦੇ ਜਾਂਚਕਰਤਾਵਾਂ ਨੇ ਲੋਕਾਂ ਨੂੰ ਜਾਗਰੂਕ ਕਰਦੇ ਹੋਏ ਦੱਸਿਆ ਸੀ ਕਿ ਮਿਸੀਸਾਗਾ ਵਿਚ ਬੀਤੇ ਅਕਤੂਬਰ ਮਹੀਨੇ ਤੋਂ ਲੈ ਕੇ ਹੁਣ ਤੱਕ ਲਗਭਗ 80 ਮਹਿੰਗੀਆਂ ਗੱਡੀਆਂ ਚੋਰੀ ਹੋ ਚੁੱਕੀਆਂ ਹਨ, ਜਿਨ੍ਹਾਂ ਵਿਚ ਜ਼ਿਆਦਾਤਰ ਲੈਕਸਸ ਆਰਐਕਸ ਅਤੇ ਟੋਇਟਾ ਹਾਈਲੈਂਡਰ ਮਾਡਲ ਦੀਆਂ ਗੱਡੀਆਂ ਸ਼ਾਮਲ ਹਨ। ਚੋਰ ਜ਼ਿਆਦਾਤਰ ਰਿਹਾਇਸ਼ੀ ਇਲਾਕਿਆਂ ਵਿਚ ਇਨ੍ਹਾਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। 
 


Sanjeev

Content Editor

Related News