ਨਿਊਜ਼ੀਲੈਂਡ ਸਮੁੰਦਰ ਵਿਚ ਕ੍ਰੈਸ਼ ਹੋਇਆ ਜਹਾਜ਼, 1 ਵਿਅਕਤੀ ਲਾਪਤਾ
Saturday, Sep 29, 2018 - 06:26 PM (IST)

ਵੇਲਿੰਗਟਨ (ਭਾਸ਼ਾ)— ਨਿਊਜ਼ੀਲੈਂਡ ਵਿਚ ਪ੍ਰਸ਼ਾਂਤ ਮਹਾਸਾਗਰ 'ਤੇ ਸ਼ੁੱਕਰਵਾਰ ਨੂੰ ਇਕ ਯਾਤਰੀ ਜਹਾਜ਼ ਲੈਂਡਿੰਗ ਸਮੇਂ ਰਨਵੇਅ ਤੋਂ ਅੱਗੇ ਨਿਕਲ ਕੇ ਸਮੁੰਦਰ ਵਿਚ ਕ੍ਰੈਸ਼ ਹੋ ਗਿਆ। ਜਹਾਜ਼ ਕੰਪਨੀ ਨੇ ਕਿਹਾ ਕਿ ਇਕ ਵਿਅਕਤੀ ਲਾਪਤਾ ਹੈ। ਇਸ ਤੋਂ ਪਹਿਲਾਂ ਏਅਰਲਾਈਨ ਨੇ ਦੱਸਿਆ ਸੀ ਕਿ ਜਹਾਜ਼ ਵਿਚ ਸਵਾਰ 47 ਯਾਤਰੀ ਅਤੇ ਕਰੂ ਮੈਂਬਰਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ ਹੈ। ਏਅਰ ਨਿਊਗਿਨੀ ਨੇ ਇਕ ਬਿਆਨ ਵਿਚ ਕਿਹਾ ਕਿ ਸ਼ਨੀਵਾਰ ਦੀ ਦੁਪਹਿਰ ਤਕ ਇਕ ਪੁਰਸ਼ ਯਾਤਰੀ ਦਾ ਪਤਾ ਨਹੀਂ ਲੱਗ ਸਕਿਆ। ਏਅਰਲਾਈਨ ਨੇ ਕਿਹਾ ਕਿ ਉਹ ਸਥਾਨਕ ਪ੍ਰਸ਼ਾਸਨ, ਹਸਪਤਾਲਾਂ ਅਤੇ ਜਾਂਚਕਰਤਾਵਾਂ ਨਾਲ ਮਿਲ ਕੇ ਕੰਮ ਕਰ ਰਹੀ ਹੈ ਤਾਂ ਜੋ ਵਿਅਕਤੀ ਦਾ ਪਤਾ ਲਗਾਇਆ ਜਾ ਸਕੇ। ਏਅਰਲਾਈਨ ਨੇ ਵਿਅਕਤੀ ਦੀ ਉਮਰ ਅਤੇ ਨਾਗਰਿਕਤਾ ਬਾਰੇ ਹੋਰ ਜਾਣਕਾਰੀ ਨਹੀਂ ਦਿੱਤੀ।
ਜ਼ਿਕਰਯੋਗ ਹੈ ਕਿ ਏਅਰ ਨਿਊਗਿਨੀ ਦਾ ਬੋਇੰਗ 737-800 ਜਹਾਜ਼ ਮਾਈਕ੍ਰੋਨੇਸ਼ੀਆ ਵਿਚ ਵੇਨੋ ਹਵਾਈ ਅੱਡੇ 'ਤੇ ਉਤਰਨ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਉਹ ਗਲਤੀ ਨਾਲ ਅੱਗੇ ਨਿਕਲ ਗਿਆ ਅਤੇ ਸਮੁੰਦਰ ਵਿਚ ਕ੍ਰੈਸ਼ ਹੋ ਕੇ ਡੁੱਬ ਗਿਆ। ਇਹ ਹਾਦਸਾ ਸ਼ੁੱਕਰਵਾਰ ਦੀ ਸਵੇਰ ਨੂੰ ਹੋਇਆ। ਕੁਝ ਹੀ ਮਿੰਟਾਂ ਵਿਚ ਸਥਾਨਕ ਲੋਕਾਂ ਨੇ ਛੋਟੀਆਂ ਕਿਸ਼ਤੀਆਂ ਇਕੱਠੀਆਂ ਕੀਤੀਆਂ ਅਤੇ ਲੋਕਾਂ ਨੂੰ ਬਾਹਰ ਕੱਢਿਆ। ਅਧਿਕਾਰੀਆਂ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ 7 ਲੋਕਾਂ ਨੂੰ ਹਸਪਤਾਲ ਵਿਚ ਲਿਜਾਇਆ ਗਿਆ। ਏਅਰਲਾਈਨ ਨੇ ਦੱਸਿਆ ਕਿ 6 ਯਾਤਰੀ ਹਸਪਤਾਲ ਵਿਚ ਹਨ ਅਤੇ ਸਾਰਿਆਂ ਦੀ ਹਾਲਤ ਸਥਿਰ ਹੈ।