70ਵੇਂ ਜਨਮਦਿਨ ਮੌਕੇ ਪੁਤਿਨ ਨੂੰ ਬੇਲਾਰੂਸ ਦੇ ਨੇਤਾ ਨੇ ਤੋਹਫ਼ੇ ''ਚ ਦਿੱਤਾ ਟਰੈਕਟਰ
Saturday, Oct 08, 2022 - 09:43 AM (IST)
ਸੇਂਟ ਪੀਟਰਸਬਰਗ (ਭਾਸ਼ਾ)- ਰੂਸ ਦੇ ਰਾਸ਼ਟਰਪਤੀ ਪੁਤਿਨ ਨੂੰ ਉਨ੍ਹਾਂ ਦੇ 70ਵੇਂ ਜਨਮਦਿਨ 'ਤੇ ਸ਼ੁੱਕਰਵਾਰ ਨੂੰ ਬੇਲਾਰੂਸ ਦੇ ਉਨ੍ਹਾਂ ਦੇ ਹਮਰੁਤਬਾ ਨੇ ਉਨ੍ਹਾਂ ਨੂੰ ਤੋਹਫ਼ੇ ਵਿਚ ਇਕ ਟਰੈਕਟਰ ਦਿੱਤਾ। ਸਾਬਕਾ ਸੋਵੀਅਤ ਸੰਘ ਦੇ ਕਈ ਦੇਸ਼ਾਂ ਦੇ ਕਈ ਨੇਤਾਵਾਂ ਨੇ ਸੇਂਟ ਪੀਟਰਸਬਰਗ ਦੇ ਕੋਨਸਟੈਂਟਿਨ ਪੈਲੇਸ ਵਿਚ ਮੁਲਾਕਾਤ ਕੀਤੀ ਅਤੇ ਬੇਲਾਰੂਸ ਦੇ ਰਾਸ਼ਟਰਪਤੀ ਅਲੈਗਜ਼ੈਂਡਰ ਲੂਕਾਸ਼ੇਂਕੋ ਨੇ ਪੁਤਿਨ ਨੂੰ ਤੋਹਫ਼ੇ ਵਜੋਂ ਵਾਹਨ ਦਾ ਪ੍ਰਮਾਣ ਪੱਤਰ ਭੇਂਟ ਕੀਤਾ।
ਟਰੈਕਟਰ ਸੋਵੀਅਤ ਕਾਲ ਤੋਂ ਹੀ ਬੇਲਾਰੂਸ ਦਾ ਉਦਯੋਗਿਕ ਮਾਣ ਰਿਹਾ ਹੈ। ਬੇਲਾਰੂਸ ਵਿਚ ਕਰੀਬ 3 ਦਹਾਕੇ ਤੋਂ ਸਖ਼ਤੀ ਨਾਲ ਸ਼ਾਸਨ ਕਰਨ ਵਾਲੇ ਲੁਕਾਸ਼ੇਂਕੋ ਨੇ ਪੱਤਰਕਾਰਾਂ ਨੂੰ ਕਿਹਾ ਕਿ ਉਹ ਆਪਣੇ ਬਗੀਚੇ ਵਿਚ ਟਰੈਕਟਰ ਦੇ ਜਿਸ ਮਾਡਲ ਦਾ ਇਸਤੇਮਾਲ ਕਰਦੇ ਹਨ, ਉਸੇ ਤਰ੍ਹਾਂ ਦਾ ਵਾਹਨ ਉਨ੍ਹਾਂ ਨੇ ਪੁਤਿਨ ਨੂੰ ਤੋਹਫ਼ੇ ਵਿਚ ਦਿੱਤਾ ਹੈ। ਰੂਸ ਦੇ ਰਾਸ਼ਟਰਪਤੀ ਨੇ ਲੁਕਾਸ਼ੇਂਕੋ ਦੇ ਇਸ ਤੋਹਫ਼ੇ 'ਤੇ ਕਿਸ ਤਰ੍ਹਾਂ ਦੀ ਪ੍ਰਤੀਕਿਰਿਆ ਦਿੱਤੀ ਹੈ, ਇਸ ਦਾ ਅਜੇ ਤੁਰੰਤ ਪਤਾ ਨਹੀਂ ਲੱਗ ਸਕਿਆ ਹੈ।