ਇਟਲੀ ਜਾਂਦੇ ਸਮੇਂ PM ਮੋਦੀ ਦਾ ਜਹਾਜ਼ ਪਾਕਿਸਤਾਨ ਦੇ ਹਵਾਈ ਖੇਤਰ ’ਚੋਂ ਸੀ ਲੰਘਿਆ
Sunday, Oct 31, 2021 - 04:11 PM (IST)
ਇਸਲਾਮਾਬਾਦ (ਭਾਸ਼ਾ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵੀ. ਵੀ. ਆਈ. ਪੀ. ਉਡਾਣ ਸਮੂਹ 20 ਸਿਖਰ ਸੰਮੇਲਨ ਲਈ ਇਟਲੀ ਜਾਂਦੇ ਸਮੇਂ ਸ਼ੁੱਕਰਵਾਰ ਨੂੰ ਪਾਕਿਸਤਾਨੀ ਹਵਾਈ ਖੇਤਰ ਤੋਂ ਹੋ ਕੇ ਲੰਘੀ ਤੇ ਇਸਲਾਮਾਬਾਦ ਤੋਂ ਰਸਮੀ ਮਨਜ਼ੂਰੀ ਮਿਲਣ ਤੋਂ ਬਾਅਦ ਇਹ ਇਸੇ ਰਸਤੇ ਰਾਹੀਂ ਪਰਤੇਗੀ। ਇਥੇ ਐਤਵਾਰ ਨੂੰ ਮੀਡੀਆ ’ਚ ਆਈ ਇਕ ਖ਼ਬਰ ’ਚ ਇਹ ਦੱਸਿਆ ਗਿਆ। ‘ਦਿ ਐਕਸਪ੍ਰੈੱਸ ਟ੍ਰਿਬਿਊਨ’ ਦੀ ਖ਼ਬਰ ਮੁਤਾਬਕ ਪ੍ਰਧਾਨ ਮੰਤਰੀ ਮੋਦੀ ਦਾ ਜਹਾਜ਼ ਬੋਇੰਗ 777, 300 ਈ. ਆਰ., ਕੇ 7006 ਬਹਾਵਲਪੁਰ ’ਚ ਪਾਕਿਸਤਾਨ ਹਵਾਈ ਖੇਤਰ ’ਚ ਦਾਖਲ ਹੋਇਆ, ਤੁਰਬਤ ਤੇ ਪੰਜਗੁਰ ਦੇ ਉਪਰੋਂ ਲੰਘਿਆ ਤੇ ਈਰਾਨ ਤੇ ਤੁਰਕੀ ਹੁੰਦੇ ਹੋਏ ਇਟਲੀ ਪਹੁੰਚਿਆ। ਸਿਵਲ ਐਵੀਏਸ਼ਨ ਅਥਾਰਟੀ (ਸੀ. ਏ. ਏ.) ਦੇ ਸੂਤਰਾਂ ਮੁਤਾਬਕ ਭਾਰਤੀ ਅਧਿਕਾਰੀਆਂ ਨੇ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਤੋਂ ਮੋਦੀ ਦੀ ਵਿਸ਼ੇਸ਼ ਉਡਾਣ ਲਈ ਉਸ ਦੇ ਹਵਾਈ ਖੇਤਰ ਦੀ ਵਰਤੋਂ ਕਰਨ ਲਈ ਇਜਾਜ਼ਤ ਮੰਗੀ ਸੀ। ਪਾਕਿਸਤਾਨ ਨੇ ਬੇਨਤੀ ਸਵੀਕਾਰ ਕਰ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਆਪਣੇ ਹਵਾਈ ਖੇਤਰ ਤੋਂ ਹੋ ਕੇ ਜਾਣ ਦੀ ਇਜਾਜ਼ਤ ਦਿੱਤੀ।
ਅਗਸਤ 2019 ’ਚ ਜੰਮੂ-ਕਸ਼ਮੀਰ ਦਾ ਵਿਸ਼ੇਸ਼ ਦਰਜਾ ਖਤਮ ਕੀਤੇ ਜਾਣ ਤੇ ਸੂਬੇ ਨੂੰ ਦੋ ਕੇਂਦਰ ਸ਼ਾਸਿਤ ਸੂਬਿਆਂ ’ਚ ਵੰਡਣ ਦੇ ਭਾਰਤ ਦੇ ਐਲਾਨ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਸਬੰਧ ਵਿਗੜ ਗਏ ਹਨ। ਭਾਰਤ ਨੇ ਪਾਕਿਸਤਾਨ ਨੂੰ ਕਿਹਾ ਹੈ ਕਿ ਉਹ ਅੱਤਵਾਦੀ, ਦੁਸ਼ਮਣੀ ਤੇ ਹਿੰਸਾ ਤੋਂ ਮੁਕਤ ਮਾਹੌਲ ’ਚ ਇਸਲਾਮਾਬਾਦ ਦੇ ਨਾਲ ਆਮ ਗੁਆਂਢੀ ਵਾਲੇ ਸਬੰਧ ਚਾਹੁੰਦਾ ਹੈ। ਪ੍ਰਧਾਨ ਮੰਤਰੀ ਮੋਦੀ ਸਮੂਹ 20 ਸਿਖ਼ਰ ਸੰਮੇਲਨ ’ਚ ਹਿੱਸਾ ਲੈਣ ਲਈ ਸ਼ੁੱਕਰਵਾਰ ਨੂੰ ਇਟਲੀ ਪਹੁੰਚੇ। ਖ਼ਬਰ ’ਚ ਸੀ. ਏ. ਏ. ਦੇ ਬੁਲਾਰੇ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਗਲਾਸਗੋ’ਚ ਜਲਵਾਯੂ ਸੰਮੇਲਨ ਤੋਂ ਬਾਅਦ ਭਾਰਤ ਪਰਤਣ ਦੌਰਾਨ ਪ੍ਰਧਾਨ ਮੰਤਰੀ ਮੋਦੀ ਦਾ ਜਹਾਜ਼ ਮੁੜ ਪਾਕਿਸਤਾਨ ਹਵਾਈ ਖੇਤਰ ’ਚੋਂ ਹੋ ਕੇ ਲੰਘੇਗਾ।