'ਓਮੀਕਰੋਨ' ਦੀ ਦਹਿਸ਼ਤ ਹੇਠ ਦੁਨੀਆ, ਅਮਰੀਕੀ ਡਾਕਟਰ ਫਾਊਚੀ ਨੇ ਕੀਤਾ ਵੱਡਾ ਦਾਅਵਾ

Monday, Dec 06, 2021 - 10:22 AM (IST)

'ਓਮੀਕਰੋਨ' ਦੀ ਦਹਿਸ਼ਤ ਹੇਠ ਦੁਨੀਆ, ਅਮਰੀਕੀ ਡਾਕਟਰ ਫਾਊਚੀ ਨੇ ਕੀਤਾ ਵੱਡਾ ਦਾਅਵਾ

ਵਾਸ਼ਿੰਗਟਨ (ਭਾਸ਼ਾ)- ਅਮਰੀਕਾ ਦੇ ਚੋਟੀ ਦੇ ਮੈਡੀਕਲ ਅਧਿਕਾਰੀ ਨੇ ਕਿਹਾ ਹੈ ਕਿ ਹਾਲਾਂਕਿ ਕੋਰੋਨਾ ਵਾਇਰਸ ਦਾ ਓਮੀਕਰੋਨ ਵੇਰੀਐਂਟ ਦੇਸ਼ ਭਰ ਵਿਚ ਤੇਜ਼ੀ ਨਾਲ ਫੈਲ ਰਿਹਾ ਹੈ, ਪਰ ਸ਼ੁਰੂਆਤੀ ਸੰਕੇਤਾਂ ਤੋਂ ਪਤਾ ਚੱਲਦਾ ਹੈ ਕਿ ਇਹ ਵਾਇਰਸ ਦੇ ਡੈਲਟਾ ਵੇਰੀਐਂਟ ਨਾਲੋਂ ਘੱਟ ਖ਼ਤਰਨਾਕ ਹੈ। ਡੈਲਟਾ ਕਾਰਨ ਅਮਰੀਕਾ ਦੇ ਹਸਪਤਾਲਾਂ ਵਿਚ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਯੂ.ਐੱਸ. ਦੇ ਰਾਸ਼ਟਰਪਤੀ ਜੋਅ ਬਾਈਡੇਨ ਦੇ ਮੁੱਖ ਡਾਕਟਰੀ ਸਲਾਹਕਾਰ ਡਾਕਟਰ ਐਂਥਨੀ ਫਾਊਚੀ ਨੇ ਐਤਵਾਰ ਨੂੰ ਸੀ.ਐੱਨ.ਐੱਨ. ਦੇ ਸਟੇਟ ਆਫ ਦਿ ਯੂਨੀਅਨ ਪ੍ਰੋਗਰਾਮ ਨੂੰ ਦੱਸਿਆ ਕਿ ਵਿਗਿਆਨੀਆਂ ਨੂੰ ਓਮੀਕਰੋਨ ਦੀ ਗੰਭੀਰਤਾ ਬਾਰੇ ਸਿੱਟਾ ਕੱਢਣ ਤੋਂ ਪਹਿਲਾਂ ਹੋਰ ਜਾਣਕਾਰੀ ਇਕੱਠੀ ਕਰਨ ਦੀ ਲੋੜ ਹੈ। ਓਮੀਕਰੋਨ ਵੇਰੀਐਂਟ ਦਾ ਪਹਿਲਾ ਮਾਮਲਾ ਦੁਨੀਆ ਵਿਚ ਸਭ ਤੋਂ ਪਹਿਲਾਂ ਦੱਖਣੀ ਅਫਰੀਕਾ ਵਿਚ ਸਾਹਮਣੇ ਆਇਆ ਸੀ।

ਇਹ ਵੀ ਪੜ੍ਹੋ : ਬ੍ਰਿਟੇਨ ਨੇ ਯਾਤਰਾ ਤੋਂ ਪਹਿਲਾਂ ਜਾਂਚ ਕੀਤੀ ਜ਼ਰੂਰੀ, ਨਾਈਜੀਰੀਆ ਤੋਂ ਯਾਤਰਾ ’ਤੇ ਲਾਈ ਰੋਕ

ਦੱਖਣੀ ਅਫਰੀਕਾ ਤੋਂ ਪ੍ਰਾਪਤ ਰਿਪੋਰਟਾਂ ਵਿਚ ਕਿਹਾ ਗਿਆ ਹੈ ਕਿ ਲੋਕਾਂ ਦੇ ਹਸਪਤਾਲ ਵਿਚ ਦਾਖ਼ਲ ਹੋਣ ਦੀ ਦਰ ਤੇਜ਼ੀ ਨਾਲ ਨਹੀਂ ਵਧੀ ਹੈ। ਫਾਊਚੀ ਨੇ ਕਿਹਾ ਕਿ ਬਾਈਡੇਨ ਪ੍ਰਸ਼ਾਸਨ ਕਈ ਅਫਰੀਕੀ ਦੇਸ਼ਾਂ ਤੋਂ ਇੱਥੇ ਆਉਣ ਵਾਲੇ ਦੂਜੇ ਦੇਸ਼ਾਂ ਦੇ ਨਾਗਰਿਕਾਂ ਦੇ ਦਾਖ਼ਲੇ 'ਤੇ ਲਗਾਈਆਂ ਯਾਤਰਾ ਪਾਬੰਦੀਆਂ ਨੂੰ ਹਟਾਉਣ 'ਤੇ ਵਿਚਾਰ ਕਰ ਰਿਹਾ ਹੈ। ਖੇਤਰ ਵਿਚ ਓਮੀਕਰੋਨ ਵੇਰੀਐਂਟ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਇਹ ਪਾਬੰਦੀਆਂ ਲਗਾਈਆਂ ਗਈਆਂ ਸਨ, ਪਰ ਸੰਯੁਕਤ ਰਾਸ਼ਟਰ ਦੇ ਸਕੱਤਰ-ਜਨਰਲ ਐਂਟੋਨੀਓ ਗੁਤਾਰੇਸ ਨੇ ਅਜਿਹੇ ਕਦਮਾਂ ਦੀ ਨਿੰਦਾ ਕੀਤੀ ਹੈ। ਫਾਊਚੀ ਨੇ ਕਿਹਾ, 'ਉਮੀਦ ਹੈ ਕਿ ਅਸੀਂ ਸਹੀ ਸਮੇਂ ਵਿਚ ਪਾਬੰਦੀਆਂ ਹਟਾ ਪਾਵਾਂਗੇ। ਸਿਰਫ਼ ਦੱਖਣੀ ਅਫ਼ਰੀਕਾ ਹੀ ਨਹੀਂ, ਸਗੋਂ ਹੋਰ ਅਫ਼ਰੀਕੀ ਦੇਸ਼ ਨੂੰ ਵੀ ਜਿਨ੍ਹਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਸਾਨੂੰ ਇਸ ਦਾ ਬਹੁਤ ਬੁਰਾ ਲੱਗਦਾ ਹੈ।' ਅਮਰੀਕਾ ਵਿਚ ਓਮੀਕਰੋਨ ਵੇਰੀਐਂਟ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ, ਪਰ ਕੋਰੋਨਾ ਵਾਇਰਸ ਦੇ ਜ਼ਿਆਦਾਤਰ ਮਾਮਲਿਆਂ ਦਾ ਕਾਰਨ ਡੈਲਟਾ ਵੇਰੀਐਂਟ ਹੈ। ਦੇਸ਼ ਵਿਚ 99 ਫ਼ੀਸਦੀ ਤੋਂ ਵੱਧ ਮਰੀਜ਼ ਡੈਲਟਾ ਨਾਲ ਸੰਕਰਮਿਤ ਹਨ। ਅਮਰੀਕਾ ਵਿਚ ਕੋਵਿਡ-19 ਨਾਲ ਹੁਣ ਤੱਕ 7,80,000 ਤੋਂ ਵੱਧ ਅਮਰੀਕੀਆਂ ਦੀ ਮੌਤ ਹੋ ਚੁੱਕੀ ਹੈ।

ਇਹ ਵੀ ਪੜ੍ਹੋ : ਹੁਣ ਤੱਕ 38 ਦੇਸ਼ਾਂ ’ਚ ਫੈਲਿਆ ਕੋਰੋਨਾ ਦਾ ਨਵਾਂ ਵੇਰੀਐਂਟ ਓਮੀਕਰੋਨ, ਮੌਤ ਦਾ ਕੋਈ ਮਾਮਲਾ ਨਹੀਂ : WHO

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


author

cherry

Content Editor

Related News