ਮਹਿਲਾ ਅਧਿਕਾਰੀ ਦੇ ਮੂੰਹ ''ਤੇ ਚਾਲਾਨ ਸੁੱਟਣਾ ਪਿਆ ਮਹਿੰਗਾ: ਹੁਣ ਦੇਣਾ ਪਵੇਗਾ 2.8 ਲੱਖ ਰੁਪਏ ਦਾ ਜੁਰਮਾਨਾ

Thursday, Oct 22, 2026 - 11:02 PM (IST)

ਮਹਿਲਾ ਅਧਿਕਾਰੀ ਦੇ ਮੂੰਹ ''ਤੇ ਚਾਲਾਨ ਸੁੱਟਣਾ ਪਿਆ ਮਹਿੰਗਾ: ਹੁਣ ਦੇਣਾ ਪਵੇਗਾ 2.8 ਲੱਖ ਰੁਪਏ ਦਾ ਜੁਰਮਾਨਾ

ਲੰਡਨ : ਬ੍ਰਿਟੇਨ ਵਿੱਚ ਪਾਰਕਿੰਗ ਨਿਯਮਾਂ ਦੀ ਉਲੰਘਣਾ ਕਰਨ 'ਤੇ ਮਿਲੇ ਚਾਲਾਨ (ਟਿਕਟ) ਤੋਂ ਗੁੱਸੇ ਵਿੱਚ ਆਏ ਇੱਕ 58 ਸਾਲਾ ਵਿਅਕਤੀ ਨੂੰ ਆਪਣੀ ਹਰਕਤ ਦਾ ਭਾਰੀ ਖ਼ਾਮਿਆਜ਼ਾ ਭੁਗਤਣਾ ਪਿਆ ਹੈ। ਮਹਿਲਾ ਸਿਵਲ ਐਨਫੋਰਸਮੈਂਟ ਅਧਿਕਾਰੀ ਦੇ ਚਿਹਰੇ 'ਤੇ ਪਾਰਕਿੰਗ ਟਿਕਟ ਸੁੱਟਣ ਅਤੇ ਪਹਿਲਾਂ ਜਾਰੀ ਕੀਤਾ ਜੁਰਮਾਨਾ ਨਾ ਭਰਨ ਦੇ ਮਾਮਲੇ ਵਿੱਚ ਅਦਾਲਤ ਨੇ ਦੋਸ਼ੀ 'ਤੇ 2,270.90 ਪਾਊਂਡ (ਲਗਭਗ 2.8 ਲੱਖ ਰੁਪਏ) ਦਾ ਭਾਰੀ ਜੁਰਮਾਨਾ ਲਗਾਇਆ ਹੈ।

ਮੀਡੀਆ ਰਿਪੋਰਟਾਂ ਅਨੁਸਾਰ, ਇਹ ਮਾਮਲਾ ਬ੍ਰਿਟੇਨ ਦੇ ਕਾਰਨਵਾਲ ਦੇ ਰਹਿਣ ਵਾਲੇ ਸਟੀਫਨ ਲੈਂਗ ਨਾਲ ਸਬੰਧਤ ਹੈ। ਲੈਂਗ ਨੇ ਆਪਣੀ ਕਾਰ ਨਿਰਧਾਰਿਤ ਪਾਰਕਿੰਗ ਖੇਤਰ ਤੋਂ ਬਾਹਰ ਖੜ੍ਹੀ ਕੀਤੀ ਸੀ, ਜਿਸ 'ਤੇ ਇੱਕ ਮਹਿਲਾ ਅਧਿਕਾਰੀ ਨੇ ਉਸ ਦੀ ਗੱਡੀ 'ਤੇ ਪਾਰਕਿੰਗ ਟਿਕਟ ਲਗਾ ਦਿੱਤੀ। ਇਸ ਤੋਂ ਗੁੱਸੇ ਵਿੱਚ ਆ ਕੇ ਲੈਂਗ ਨੇ ਕਾਰ ਦੀ ਵਿੰਡਸਕ੍ਰੀਨ ਤੋਂ ਟਿਕਟ ਕੱਢ ਕੇ ਸਿੱਧੀ ਮਹਿਲਾ ਅਧਿਕਾਰੀ ਦੇ ਚਿਹਰੇ 'ਤੇ ਮਾਰ ਦਿੱਤੀ। ਕੁਝ ਸਮੇਂ ਬਾਅਦ ਜਦੋਂ ਮਹਿਲਾ ਅਧਿਕਾਰੀ ਜ਼ਮੀਨ ਤੋਂ ਟਿਕਟ ਚੁੱਕ ਕੇ ਦੁਬਾਰਾ ਕਾਰ 'ਤੇ ਲਗਾਉਣ ਲੱਗੀ, ਤਾਂ ਲੈਂਗ ਨੇ ਮੁੜ ਟਿਕਟ ਲਾਹ ਕੇ ਉਸ ਨੂੰ ਹੱਥ ਨਾਲ ਮਰੋੜਿਆ ਅਤੇ ਗੇਂਦ ਵਾਂਗ ਅਧਿਕਾਰੀ ਵੱਲ ਸੁੱਟ ਦਿੱਤਾ। ਇਹ ਪੂਰੀ ਘਟਨਾ ਅਧਿਕਾਰੀ ਦੇ ਬਾਡੀ ਕੈਮਰੇ ਅਤੇ ਸੀਸੀਟੀਵੀ (CCTV) ਵਿੱਚ ਰਿਕਾਰਡ ਹੋ ਗਈ।

ਕਾਰਨਵਾਲ ਕੌਂਸਲ ਮੁਤਾਬਕ, ਲੈਂਗ ਨੂੰ ਪਹਿਲਾਂ ਜਨਤਕ ਥਾਂ 'ਤੇ ਕਚਰਾ ਫੈਲਾਉਣ ਦੇ ਦੋਸ਼ ਹੇਠ 250 ਪਾਊਂਡ ਦਾ ਫਿਕਸਡ ਪੇਨਲਟੀ ਨੋਟਿਸ ਜਾਰੀ ਕੀਤਾ ਗਿਆ ਸੀ, ਪਰ ਉਸ ਨੇ ਇਸ ਦਾ ਭੁਗਤਾਨ ਨਹੀਂ ਕੀਤਾ। ਕਈ ਚਿਤਾਵਨੀਆਂ ਅਤੇ ਨੋਟਿਸਾਂ ਨੂੰ ਨਜ਼ਰਅੰਦਾਜ਼ ਕਰਨ ਤੋਂ ਬਾਅਦ ਇਹ ਮਾਮਲਾ ਟਰੂਰੋ ਮੈਜਿਸਟ੍ਰੇਟ ਅਦਾਲਤ ਪਹੁੰਚਿਆ। ਸੁਣਵਾਈ ਦੌਰਾਨ ਲੈਂਗ ਦੇ ਅਦਾਲਤ ਵਿੱਚ ਗੈਰ-ਹਾਜ਼ਰ ਰਹਿਣ 'ਤੇ ਅਦਾਲਤ ਨੇ ਉਸ ਦੀ ਗੈਰ-ਮੌਜੂਦਗੀ ਵਿੱਚ ਹੀ ਉਸ ਨੂੰ ਦੋਸ਼ੀ ਠਹਿਰਾਇਆ।

ਅਦਾਲਤ ਨੇ ਸਟੀਫਨ ਲੈਂਗ 'ਤੇ 250 ਪਾਊਂਡ ਦਾ ਮੂਲ ਜੁਰਮਾਨਾ, 1,920.90 ਪਾਊਂਡ ਕਾਨੂੰਨੀ ਖ਼ਰਚਾ ਅਤੇ 100 ਪਾਊਂਡ ਪੀੜਤ ਲਈ ਵਾਧੂ ਸ਼ੁਲਕ ਲਗਾਇਆ। ਇਸ ਤਰ੍ਹਾਂ ਉਸ ਨੂੰ ਕੁੱਲ 2,270.90 ਪਾਊਂਡ (ਲਗਭਗ ₹2.8 ਲੱਖ) ਅਦਾ ਕਰਨ ਦੇ ਹੁਕਮ ਦਿੱਤੇ ਗਏ ਹਨ। ਕੌਂਸਲ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਆਪਣੀ ਡਿਊਟੀ ਨਿਭਾ ਰਹੇ ਅਧਿਕਾਰੀਆਂ ਨਾਲ ਅਜਿਹਾ ਦੁਰਵਿਵਹਾਰ ਅਤੇ ਗੰਦਗੀ ਫੈਲਾਉਣਾ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
 


author

Inder Prajapati

Content Editor

Related News