ਚੀਤਿਆਂ ਦੇ ਵਾੜੇ ''ਚ ਜਾ ਵੜਿਆ ਬੰਦਾ ! ਮਿਲੀ ਦਰਦਨਾਕ ਮੌਤ

Sunday, Oct 11, 2026 - 03:44 PM (IST)

ਚੀਤਿਆਂ ਦੇ ਵਾੜੇ ''ਚ ਜਾ ਵੜਿਆ ਬੰਦਾ ! ਮਿਲੀ ਦਰਦਨਾਕ ਮੌਤ

ਇੰਟਰਨੈਸ਼ਨਲ ਡੈਸਕ- ਇੰਗਲੈਂਡ ਤੋਂ ਇਕ ਸਨਸਨੀਖੇਜ਼ ਖ਼ਬਰ ਸਾਹਮਣੇ ਆਈ ਹੈ, ਜਿੱਥੋਂ ਦੇ ਡੋਨਕਾਸਟਰ ਨੇੜੇ ਸਥਿਤ ਮਸ਼ਹੂਰ 'ਯੌਰਕਸ਼ਾਇਰ ਵਾਈਲਡਲਾਈਫ ਪਾਰਕ' 'ਚ ਇਕ ਚੀਤੇ ਦੇ ਹਮਲੇ 'ਚ ਇਕ ਨੌਜਵਾਨ ਦੀ ਦਰਦਨਾਕ ਮੌਤ ਹੋ ਗਈ। ਸ਼ਨੀਵਾਰ ਦੁਪਹਿਰ ਇੱਕ ਵਿਅਕਤੀ ਪਾਰਕ 'ਚ ਅਮੂਰ ਚੀਤਿਆਂ ਦੇ ਸੁਰੱਖਿਅਤ ਵਾੜੇ 'ਚ ਜਾ ਵੜਿਆ, ਜਿਸ ਮਗਰੋਂ ਚੀਤੇ ਨੇ ਉਸ 'ਤੇ ਜਾਨਲੇਵਾ ਹਮਲਾ ਕਰ ਦਿੱਤਾ, ਜਿਸ ਕਾਰਨ ਨੌਜਵਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਸਾਊਥ ਯੌਰਕਸ਼ਾਇਰ ਪੁਲਸ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਪੁਲਸ ਨੂੰ ਸ਼ਨੀਵਾਰ ਦੁਪਹਿਰ ਲਗਭਗ 1:35 ਵਜੇ ਇਸ ਬਾਰੇ ਜਾਣਕਾਰੀ ਦੇ ਕੇ ਬੁਲਾਇਆ ਗਿਆ ਸੀ। ਘਟਨਾ ਤੋਂ ਬਾਅਦ ਪਾਰਕ ਨੂੰ ਤੁਰੰਤ ਖਾਲੀ ਕਰਵਾ ਲਿਆ ਗਿਆ ਅਤੇ ਪੂਰੇ ਵੀਕੈਂਡ ਲਈ ਬੰਦ ਕਰ ਦਿੱਤਾ ਗਿਆ ਹੈ।

ਘਟਨਾ ਵਾਪਰਦਿਆਂ ਹੀ ਪਾਰਕ ਮੈਨੇਜਮੈਂਟ ਨੇ ਆਪਣੇ ਐਮਰਜੈਂਸੀ ਪ੍ਰੋਟੋਕੋਲ ਐਕਟਿਵ ਕਰ ਦਿੱਤੇ ਤੇ ਮੌਕੇ 'ਤੇ ਪਹੁੰਚੀ ਪੁਲਸ ਅਤੇ ਰਾਹਤ ਟੀਮਾਂ ਨੇ ਚੀਤਿਆਂ ਦੇ ਬਾੜੇ ਦੇ ਆਲੇ-ਦੁਆਲੇ ਕਾਲੀ ਤਰਪਾਲ ਲਗਾ ਕੇ ਇਲਾਕੇ ਨੂੰ ਘੇਰ ਲਿਆ। ਪਾਰਕ 'ਚ ਮੌਜੂਦ ਸੈਲਾਨੀ ਕਰਮੈਲ ਪੈਲਹਮ ਨੇ ਦੱਸਿਆ ਕਿ ਸਟਾਫ਼ ਨੇ ਲੋਕਾਂ ਨੂੰ ਸੁਰੱਖਿਅਤ ਢੰਗ ਨਾਲ ਬਾਹਰ ਕੱਢਿਆ। ਉਨ੍ਹਾਂ ਨੇ ਏਅਰ ਐਂਬੂਲੈਂਸ ਦੇ ਆਉਣ ਅਤੇ ਗੋਲੀਆਂ ਵਰਗੀ ਆਵਾਜ਼ ਸੁਣਨ ਦੀ ਗੱਲ ਵੀ ਕਹੀ। ਪੁਲਸ ਅਨੁਸਾਰ ਹਮਲਾ ਕਰਨ ਵਾਲਾ ਚੀਤਾ ਬਿਲਕੁਲ ਸੁਰੱਖਿਅਤ ਹੈ ਅਤੇ ਉਸ ਨੂੰ ਉਸ ਦੇ ਵਾੜੇ 'ਚ ਹੀ ਰੱਖਿਆ ਗਿਆ ਹੈ। 

ਯੂ.ਕੇ. ਦੇ ਵਿਦੇਸ਼ ਮੰਤਰੀ ਅਤੇ ਡੋਨਕਾਸਟਰ ਨੌਰਥ ਦੇ ਐਮ.ਪੀ. ਐਡ ਮਿਲੀਬੈਂਡ ਨੇ ਘਟਨਾ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਮ੍ਰਿਤਕ ਦੇ ਪਰਿਵਾਰ ਨਾਲ ਸੰਵੇਦਨਾ ਪ੍ਰਗਟ ਕੀਤੀ ਹੈ। ਇਸ ਤੋਂ ਇਲਾਵਾ ਡੋਨਕਾਸਟਰ ਈਸਟ ਦੇ ਐੱਮ.ਪੀ. ਲੀ ਪਿਚਰ ਨੇ ਵੀ ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਇਸ ਘਟਨਾ 'ਤੇ ਦੁੱਖ ਜਤਾਇਆ ਹੈ।

ਸਾਊਥ ਯੌਰਕਸ਼ਾਇਰ ਪੁਲਸ ਨੇ ਦੱਸਿਆ ਕਿ ਮ੍ਰਿਤਕ ਦੇ ਪਰਿਵਾਰ ਨੂੰ ਪੁਲਸ ਅਧਿਕਾਰੀਆਂ ਦੁਆਰਾ ਸਹਾਇਤਾ ਦਿੱਤੀ ਜਾ ਰਹੀ ਹੈ। ਇਸ ਦੇ ਨਾਲ ਹੀ ਪੁਲਸ ਨੇ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਘਟਨਾ ਦੀਆਂ ਵੀਡੀਓਜ਼ ਨੂੰ ਅੱਗੇ ਸ਼ੇਅਰ ਨਾ ਕਰਨ ਦੀ ਅਪੀਲ ਕੀਤੀ ਹੈ।

ਜ਼ਿਕਰਯੋਗ ਹੈ ਕਿ ਇਹ ਪਾਰਕ ਸਾਲ 2009 ਵਿੱਚ ਖੋਲ੍ਹਿਆ ਗਿਆ ਸੀ, ਜਦਕਿ ਇਸ ਦਾ 'ਲੈਂਡ ਆਫ਼ ਦ ਟਾਈਗਰਜ਼' ਹਿੱਸਾ 2011 ਵਿੱਚ ਸ਼ੁਰੂ ਹੋਇਆ ਸੀ। 2 ਏਕੜ ਵਿੱਚ ਫੈਲਿਆ ਇਹ ਰਿਜ਼ਰਵ ਦੁਨੀਆ 'ਚ ਲੁਪਤ ਹੋਣ ਦੀ ਕਗਾਰ 'ਤੇ ਖੜ੍ਹੇ ਅਮੂਰ ਚੀਤਿਆਂ ਦਾ ਘਰ ਹੈ, ਜਿਨ੍ਹਾਂ ਦੀ ਜੰਗਲਾਂ 'ਚ ਕੁੱਲ ਗਿਣਤੀ ਸਿਰਫ਼ 500 ਦੇ ਆਸ-ਪਾਸ ਰਹਿ ਗਈ ਹੈ। ਇਸ ਐਨਕਲੋਜ਼ਰ 'ਚ ਸੈਲਾਨੀਆਂ ਲਈ ਉੱਚੇ ਵਾਕਵੇਅ ਅਤੇ ਮਜ਼ਬੂਤ ਜਾਲੀਦਾਰ ਫੈਂਸਿੰਗ ਬਣੀ ਹੋਈ ਹੈ। ਪੁਲਸ ਫਿਲਹਾਲ ਇਹ ਜਾਂਚ ਕਰ ਰਹੀ ਹੈ ਕਿ ਆਖ਼ਿਰ ਵਿਅਕਤੀ ਚੀਤਿਆਂ ਦੇ ਵਾੜੇ ਅੰਦਰ ਕਿਵੇਂ ਦਾਖਲ ਹੋਇਆ।


author

Harpreet SIngh

Content Editor

Related News